ਮਾਮਲਾ ਨਾਕੇ ਦੌਰਾਨ ਗਰਨੇਡ ਮਿਲਣ ਦਾ-ਸੋਸ਼ਲ ਮੀਡੀਆ ਜ਼ਰੀਏ ਬਣਾ ਰਹੇ ਹਨ ਸਬੰਧ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਜਾਸਾਂਸੀ ਨੇੜੇ ਲਗਾਏ ਗਏ ਨਾਕੇ ਤੋਂ ਮੋਟਰਸਾਈਕਲ `ਤੇ ਭੱਜੇ ਨੌਜਵਾਨਾਂ ਦੇ ਡਿੱਗੇ ਬੈਗ ਵਿਚੋਂ ਪੁਲਿਸ ਨੂੰ
2 ਹੈਂਡ ਗਰਨੇਡ ਅਤੇ ਇਕ ਮੋਬਾਈਲ ਫੋਨ ਮਿਲਿਆ ਸੀ, ਬਾਰੇ ਖੁਲਾਸਾ ਕਰਦੇ ਜਿਲ੍ਹਾ ਪੁਲਿਸ ਮੁੱਖੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੋਬਾਈਲ ਫੋਨ ਵਿਚੋਂ ਮਿਲੀਆਂ ਤਸਵੀਰਾਂ ਅਤੇ ਆਈਆਂ ਲੁਕੇਸ਼ਨਾਂ ਤੋਂ ਇਹ ਗੱਲ ਸਪੱਸ਼ਟ ਹੋਈ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਬੀਤੇ ਕੁੱਝ ਦਿਨਾਂ ਦੌਰਾਨ ਹੁਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਵਿਅਕਤੀਆਂ ਦੀ ਇੰਨਾਂ ਨਾਲ ਵੱਡੀ ਸਾਂਝ ਹੈ।ਅੱਜ ਆਪਣੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੁੱਗਲ ਨੇ ਕਿਹਾ ਕਿ ਉਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਨਾ ਕੇਵਲ ਨਸ਼ੀਲੇ ਪਦਾਰਥਾਂ ਹੀ ਆ ਰਹੇ ਹਨ, ਬਲਕਿ ਹੁਥਿਆਰ ਵੀ ਭੇਜੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਇਸੇ ਸੂਚਨਾ ਦੇ ਅਧਾਰ ਉਤੇ ਸਰਹੱਦੀ ਪੱਟੀ ਵਿਚ ਨਾਕਾਬੰਦੀ ਅਤੇ ਅਲਰਟ ਚੱਲ ਰਿਹਾ ਹੈ।ਕੱਲ੍ਹ ਰਾਜਾਸਾਂਸੀ ਨੇੜੇ ਨਾਕੇ ਤੋਂ ਭੱਜੇ ਨੌਜਵਾਨਾਂ ਬਾਰੇ ਗੱਲਬਾਤ ਕਰਦੇ ਉਨਾਂ ਦੱਸਿਆ ਕਿ ਬੇਸ਼ਕ ਉਹ ਪੁਲਿਸ ਨੂੰ ਚਕਮਾ ਦੇ ਗਏ, ਪਰ ਉਨਾਂ ਦੇ ਬੈਗ ਵਿਚੋਂ ਮਿਲੇ ਮੋਬਾਈਲ ਫੋਨ ਵਿਚੋਂ ਮਿਲੀ ਜਾਣਕਾਰੀ ਦੀਆਂ ਤਾਰਾਂ ਬੀਤੇ ਦਿਨੀਂ ਹੋਈਆਂ ਵੱਖ-ਵੱਖ ਬਰਮਾਦਗੀਆਂ ਨਾਲ ਜਾ ਢੁੱਕਦੀਆਂ ਹਨ।ਉਨਾਂ ਦੱਸਿਆ ਕਿ ਇਨਾਂ ਦੇ ਤਾਰ ਵੀ ਹਰਮੀਤ ਸਿੰਘ ਹੈਪੀ ਉਰਫ ਪੀ ਐਚ ਡੀ ਨਾਲ ਜੁੜਦੇ ਹਨ, ਜਿਸ ਨਾਲ ਸਬੰਧਤ ਨਿਸ਼ਾਨ ਸਿੰਘ ਨੂੰ ਹੁਥਿਆਰ ਸਮੇਤ ਦੋ ਦਿਨ ਪਹਿਲਾਂ ਪੁਲਿਸ ਨੇ ਅਟਾਰੀ ਇਲਾਕੇ ਵਿਚੋਂ ਕਾਬੂ ਕੀਤਾ ਸੀ।ਉਨਾਂ ਖਦਸ਼ਾ ਪ੍ਰਗਟਾਇਆ ਕਿ ਇਹ ਇੱਕਾ-ਦੁੱਕਾ ਘਟਨਾਵਾਂ ਨਾ ਹੋ ਕੇ ਬੜੇ ਯੋਜਨਾਬੱਧ ਢੰਗ ਨਾਲ ਭੇਜੇ ਜਾ ਰਹੇ ਹਥਿਆਰ ਹਨ, ਜਿੰਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਲਈ ਵਰਤਿਆ ਜਾ ਸਕਦਾ ਸੀ।
ਐਸ.ਐਸ.ਪੀ ਦੁੱਗਲ ਨੇ ਦੱਸਿਆ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਹੱਦ ਦੇ ਦੋਵੇਂ ਪਾਸੇ ਬੈਠੇ ਸਗਲਰ ਅਤੇ ਵਿਦੇਸ਼ਾਂ ਵਿੱਚ ਬੈਠੇ ਕੱਟੜਵਾਦੀ ਸਥਾਨਕ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਲੱਭ ਕੇ ਵਰਤ ਰਹੇ ਹਨ ਅਤੇ ਉਨਾਂ ਰਾਹੀਂ ਇਹ ਹਥਿਆਰ ਇਕ ਸਥਾਨ ਤੋਂ ਦੂਸਰੇ ਸਥਾਨ ਪਹੁੰਚਾਉਣ ਦਾ ਕੰਮ ਲਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਵਿਚ ਨਸ਼ੇ ਦੇ ਕਾਰੋਬਾਰ ਵਿਚੋਂ ਕਮਾਏ ਜਾਂਦੇ ਪੈਸੇ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੁਲਵਿੰਦਰ ਸਿੰਘ ਖਾਨਪੁਰੀਆ, ਜੋ ਕਿ ਬਹੁਤ ਅਰਸਾ ਪਹਿਲਾਂ ਭਾਰਤ ਛੱਡ ਕੇ ਕਿਸੇ ਹੋਰ ਦੇਸ਼ ਜਾ ਬੈਠਾ ਸੀ, ਵੀ ਮੁੜ ਤੋਂ ਇੰਨਾਂ ਘਟਨਾਵਾਂ ਵਿਚ ਸਰਗਰਮ ਹੋ ਰਿਹਾ ਹੈ।
ਉਨਾਂ ਕਿਹਾ ਕਿ ਹੁਣ ਤੱਕ ਦੀਆਂ ਘਟਨਾਵਾਂ ਦੀ ਕੜੀ ਇਕ-ਦੂਸਰੇ ਨਾਲ ਜੁੜਦੀ ਹੈ ਅਤੇ ਪਤਾ ਲੱਗਦਾ ਹੈ ਕਿ ਕਿਵੇਂ ਸਥਾਨਕ ਨੌਜਵਾਨ ਇੰਨਾਂ ਲੋਕਾਂ ਦੇ ਸੰਪਰਕ ਵਿਚ ਆ ਰਹੇ ਹਨ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਦੇ ਲਾਰਿਆਂ, ਵਾਅਦਿਆਂ ਵਿਚ ਨਾ ਆਉਣ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਅਜਿਹੇ ਲੋਕਾਂ ਵੱਲੋਂ ਦਿੱਤੇ ਗਏ ਲਾਲਚਾਂ ਵਿਚ ਨਾ ਫਸਣ।
ਇਸ ਮੌਕੇ ਐਸ.ਪੀ ਬਲਜੀਤ ਸਿੰਘ, ਡੀ.ਐਸ.ਪੀ ਅਜਨਾਲਾ ਹਰਪ੍ਰੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media