ਅੱਵਲ ਆਉਣ ਵਾਲੇ ਕੀਰਤਨੀਆਂ ਨੂੰ ਦਿੱਤਾ ਜਾਵੇਗਾ ਵਿਸ਼ੇਸ਼ ਇਨਾਮ – ਲੌਂਗੋਵਾਲ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ 16 ਤੋਂ 25 ਸਾਲ
ਦੇ ਗੁਰਸਿੱਖ ਪ੍ਰਤੀਯੋਗੀਆਂ ਦੇ ਕੀਰਤਨ ਮੁਕਾਬਲਿਆਂ ਦੀ ਆਰੰਭਤਾ ਅੱਜ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਵੱਲ੍ਹਾ ਵਿਖੇ ਅਰਦਾਸ ਉਪਰੰਤ ਹੋਈ।ਕਮੇਟੀ ਵੱਲੋਂ ‘ਗਾਵਹੁ ਸਚੀ ਬਾਣੀ’ ਦੇ ਟਾਈਟਲ ਹੇਠ ਕਰਵਾਏ ਜਾ ਰਹੇ ਇਹ ਤੀਸਰੇ ਕੀਰਤਨ ਮੁਕਾਬਲੇ ਹਨ।ਇਸ ਤੋਂ ਪਹਿਲਾਂ ਦੋ ਭਾਗ ਸਫ਼ਲਤਾਪੂਰਵਕ ਕਰਵਾਏ ਜਾ ਚੁੱਕੇ ਹਨ।ਕੀਰਤਨ ਮੁਕਾਬਲਿਆਂ ਦੇ ਪਹਿਲੇ ਆਡੀਸ਼ਨ ਦੌਰਾਨ ਅੱਜ 400 ਤੋਂ ਵੱਧ ਪ੍ਰਤੀਯੋਗੀਆਂ ਨੇ ਰਾਗ ਅਧਾਰਿਤ ਸ਼ਬਦ ਗਾਇਨ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।ਇਸ ਦੌਰਾਨ ਪ੍ਰਤੀਯੋਗੀਆਂ ਦੀ ਕਾਰਜ-ਕੁਸ਼ਲਤਾ ਪਰਖਣ ਲਈ ਪ੍ਰਸਿੱਧ ਰਾਗੀ ਭਾਈ ਹਰਜੋਤ ਸਿੰਘ ਜ਼ਖ਼ਮੀ, ਪ੍ਰੋ. ਰਵੇਲ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਨੇ ਨਿਰਣਾਇਕ ਵਜੋਂ ਭੂਮਿਕਾ ਨਿਭਾਈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਦੌਰਾਨ ਕਰਵਾਏ ਗਏ ‘ਗਾਵਹੁ ਸਚੀ ਬਾਣੀ’ ਦੇ ਸਿਰਲੇਖ ਹੇਠ ਕਰਵਾਏ ਪਹਿਲੇ ਦੋ ਕੀਰਤਨ ਮੁਕਾਬਲਿਆਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਸੀ ਅਤੇ ਹੁਣ ਸੰਗਤਾਂ ਦੀ ਮੰਗ ਅਨੁਸਾਰ ਇਸ ਪ੍ਰੋਗਰਾਮ ਦੇ ਤੀਸਰੇ ਭਾਗ ਦੀ ਆਰੰਭਤਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿਥੇ ਨੌਜੁਆਨ ਪੀੜ੍ਹੀ ਜਿਥੇ ਆਪਣੀ ਗੁਰਮਤਿ ਸੰਗੀਤ ਦੀ ਪ੍ਰਤਿਭਾ ਨੂੰ ਪੇਸ਼ ਕਰੇਗੀ, ਉਥੇ ਹੀ ਇਸ ਨਾਲ ਸਿੱਖ ਵਿਰਸੇ ਅਤੇ ਗੁਰਮਤਿ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਵੀ ਹੋਵੇਗਾ।ਉਨਾਂ ਦੱਸਿਆ ਕਿ ਮੁੱਢਲੇ ਆਡੀਸ਼ਨ ਤਹਿਤ ਚਾਰ ਵੱਖ-ਵੱਖ ਥਾਵਾਂ ’ਤੇ ਨੌਜੁਆਨ ਸਿੱਖ ਕੀਰਤਨੀਆਂ ਨੂੰ ਵਿੱਚੋਂ ਵਿਸ਼ੇਸ਼ ਬੱਚਿਆਂ ਦੀ ਚੋਣ ਕਰਕੇ ਅੱਗੇ ਲਿਜਾਇਆ ਜਾਵੇਗਾ ਅਤੇ ਅਖੀਰ ਵਿਚ ਤਿੰਨ ਅੱਵਲ ਆਏ ਬੱਚਿਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ’ਤੇ ਆਉਣ ਵਾਲੇ ਪ੍ਰਤੀਯੋਗੀ ਨੂੰ 5 ਲੱਖ ਰੁਪਏ, ਦੂਸਰੇ ਨੂੰ 3 ਲੱਖ ਰੁਪਏ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਨੌਜੁਆਨ ਕੀਰਤਨਕਾਰ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਦੋ ਵਿਸ਼ੇਸ਼ ਪ੍ਰਤੀਯੋਗੀਆਂ ਨੂੰ 50-50 ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਕੀਰਤਨ ਮੁਕਾਬਲੇ ਦੀ ਅੱਜ ਪਹਿਲੇ ਆਡੀਸ਼ਨ ਨਾਲ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਅਗਲੇ ਦਿਨਾਂ ਵਿਚ ਇਸ ਦੇ ਵੱਖ-ਵੱਖ ਥਾਵਾਂ ’ਤੇ ਔਡੀਸ਼ਨ ਹੋਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਤੇ ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਮਹਿੰਦਰ ਸਿੰਘ ਆਹਲੀ, ਅਵਤਾਰ ਸਿੰਘ ਸੈਂਪਲਾ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਡਾ. ਏ.ਪੀ ਸਿੰਘ, ਮੈਡਮ ਚੰਚਲ ਕੌਸ਼ਕ, ਦਰਸ਼ਨ ਸਿੰਘ ਪੀ.ਏ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media