ਜਿਲ੍ਹੇ ਦੇ 374 ਸਰਕਾਰੀ ਸਕੂਲਾਂ `ਚ ਲੱਗੇ ਸਮਰ ਕੈਂਪ
ਅੰਮਿ੍ਰਤਸਰ, 12 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ-ਅਧਿਆਪਕਾਂ ਵਲੋਂ ਲਗਾਏ ਜਾ ਰਹੇ ਸਮਰ ਕੈਂਪਾਂ
ਵਿਚ ਆਪਣੀ ਸਖਸ਼ੀਅਤ ਨੂੰ ਨਵਾਂ ਰੂਪ ਦੇ ਰਹੇ ਹਨ ਅਤੇ ਇੰਨਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਅੰਗਰੇਜੀ ਬੋਲਣ ਦਾ ਅਭਿਆਸ ਵੀ ਕਰਵਾਇਆ ਜਾ ਰਿਹਾ ਹੈ।
ਇਹ ਸਮਰ ਕੈਂਪ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਆਪਣੇ ਪੱਧਰ `ਤੇ ਆਪਣੇ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੀ ਰੁਚੀ ਨੂੰ ਪ੍ਰੋਤਸਾਹਨ ਕਰ ਰਹੇ ਹਨ ਅਤੇ ਅੰਮ੍ਰਿਤਸਰ ਜਿਲੇ ਵਿੱਚ 210 ਪ੍ਰਾਇਮਰੀ ਸਕੂਲਾਂ ਅਤੇ 164 ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਸਮਰ ਕੈਂਪ ਲਗਾਏ ਗਏ ਹਨ।ਇਨ੍ਹਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਵਿਰਾਸਤੀ ਖੇਡਾਂ ਪ੍ਰਤੀ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਾਤਾਵਰਣ ਬਚਾਉਣ ਦੇ ਉਦੇਸ਼ ਨਾਲ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਵਲੋਂ ਆਪਣੀ ਸਵੈ-ਇੱਛਾ ਨਾਲ ਲਗਾਏ ਇੰਨਾਂ ਕੈਂਪਾਂ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਨੰਨੇ ਹੱਥਾਂ ਵਾਲੇ ਇਹ ਬਾਲ ਕਲਾਕਾਰ ਆਪਣੇ ਮਨਾਂ ਦੇ ਕੋਮਲ ਭਾਵਾਂ ਨੂੰ ਚਿੱਤਰਕਲਾ ਰਾਹੀਂ ਵੀ ਸਾਕਾਰ ਰੂਪ ਦੇ ਰਹੇ ਹਨ ਅਤੇ ਪੇਟਿੰਗ, ਭਾਸ਼ਾ ਮੁਕਾਬਲੇ, ਕੁਇਜ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।ਇਸੇ ਤਰਾਂ ਅਧਿਆਪਕਾਂ ਵਲੋਂ ਸੁੰਦਰ ਲਿਖਾਈ ਦੇ ਗੁਰ ਵੀ ਵਿਦਿਆਰਥੀਆਂ ਨੂੰ ਸਮਝਾਏ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇੰਨਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀ ਬਿਨਾਂ ਝਿਜਕ, ਡਰ ਤੋਂ ਅਧਿਆਪਕਾਂ ਕੋਲੋਂ ਸਵਾਲ ਪੁੱਛ ਰਹੇ ਹਨ ਅਤੇ ਵਿਦਿਆਰਥੀਆਂ ਵਿੱਚ ਵਿਸ਼ਵਾਸ਼ ਉਜਾਗਰ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬੱਚੇ ਲੋਕ ਕਲਾਵਾਂ ਵੀ ਸਿੱਖ ਰਹੇ ਹਨ।ਭੰਗੜੇ ਗਿੱਧੇ ਤੋਂ ਇਲਾਵਾ ਗੀਤ, ਕਵਿਤਾਵਾਂ, ਚੁਟਕਲੇ ਆਦਿ ਰਾਹੀਂ ਬੱਚੇ ਆਪਣੇ ਸਾਥੀਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਸਾਰਥਕ ਇਸਤੇਮਾਲ ਕਰ ਰਹੇ ਹਨ।ਸਮਰਾ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਗਣਿਤ, ਵਿਗਿਆਨ ਅਤੇ ਅੰਗਰੇਜੀ ਭਾਸ਼ਾ ਦੇ ਵਿਸ਼ੇ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਅਗਲੇ ਇਮਤਿਹਾਨਾਂ ਵਿੱਚ ਮੈਰਿਟ ਤੇ ਆ ਸਕਣ।
ਇਸੇ ਤਰਾਂ ਰੰਗੋਲੀ, ਸਲਾਦ ਕੱਟ ਕੇ ਸਜਾਉਣਾ, ਮਹਿੰਦੀ ਲਗਾਉਣ ਵਰਗੇ ਮੁਕਾਬਲਿਆਂ ਵਿੱਚ ਕੁੜੀਆਂ ਆਪਣੀ ਵੱਖਰੀ ਮੁਹਾਰਤ ਦਾ ਪ੍ਰਦੂਸ਼ਣ ਵੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੇਪਰ ਕਟਿੰਗ, ਫਲਾਵਰ ਮੇਕਿੰਗ ਦੇ ਗੁਰ ਸਿਖਾਉਣ ਦੇ ਨਾਲ-ਨਾਲ ਆਪਣੇ ਅਮੀਰ ਵਿਰਸੇ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ।ਸਮਰਾ ਨੇ ਕਿਹਾ ਕਿ ਅਧਿਆਪਕਾਂ ਵਲੋਂ ਸਵੈ ਇੱਛਾ ਨਾਲ ਆਪਣੇ ਵਿਦਿਆਰਥੀਆਂ ਲਈ ਲਗਾਏ ਜਾ ਰਹੇ ਇੰਨਾਂ ਸਮਰ ਕੈਂਪਾਂ ਦੀ ਸਫਲਤਾ ਲਈ ਵਿਖਾਏ ਜਾ ਰਹੇ ਜੋਸ਼, ਜ਼ਜਬੇ ਅਤੇ ਜਨੂੰਨ ਨੂੰ ਸਲਾਮ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਤਰਾਂ ਵੀ ਕਿਸੇ ਵੀ ਹੋਰ ਸਕੂਲਾਂ ਤੋਂ ਪਿੱਛੇ ਨਹੀਂ ਹਨ।
ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 1 ਜੂਨ ਤੋਂ ਹੀ ਸਮਰ ਕੈਂਪ ਲੱਗਾ ਹੋਇਆ ਹੈ ਅਤੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਮਰ ਕੈਂਪ ਜਿਥੇ ਵਿਦਿਆਰਥੀਆਂ ਲਈ ਬਹੁਤ ਕੁਝ ਸਿੱਖਣ ਦਾ ਮੌਕਾ ਹੈ ਅਤੇ ਵਿਦਿਆਰਥੀ ਆਪਣੇ ਮਨਾਂ ਦੀ ਭਾਵਨਾ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਸਮਰ ਕੈਂਪ ਵਿੱਚ ਅਧਿਆਪਕ ਅਤੇ ਵਿਦਿਆਰਥੀ ਰਲ-ਮਿਲ ਕੇ ਕੁੱਝ ਨਵਾਂ ਸਿੱਖ ਰਹੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media