Saturday, August 1, 2026

ਤਰਕਸ਼ੀਲ ਸੁਸਾਇਟੀ ਵਲੋਂ ਪ੍ਰਸਿੱਧ ਇਤਿਹਾਸਕਾਰ ਡਾ. ਰਾਮ ਪੁਨਿਆਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਨਿਖੇਧੀ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਗਤੀਸ਼ੀਲ ਬੁੱਧੀਜੀਵੀ ਅਤੇ ਪ੍ਰਸਿੱਧ ਇਤਿਹਾਸਕਾਰ ਡਾ. ਰਾਮ ਪੁਨਿਆਨੀ ਨੂੰ ਕੁੱਝ ਫਿਰਕੂ ਅਤੇ ਫਾਸ਼ੀਵਾਦੀ ਅਨਸਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਮੋਦੀ ਸਰਕਾਰ ਤੋਂ ਅਜਿਹੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
          ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ, ਵਿੱਤ ਮੁਖੀ ਜਸਪਾਲ ਬਾਸਰਕਾ ਅਤੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਮਾਸਟਰ ਕੁਲਜੀਤ ਵੇਰਕਾ ਨੇ ਇਸ ਸਬੰਧੀ ਹੋਈ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਕਿ ਸਿਖਿਆ ਦੇ ਭਗਵੇਂਕਰਨ, ਹਿੰਦੂਤਵੀ ਅੰਧ ਰਾਸ਼ਟਰਵਾਦ, ਪਾਖੰਡਵਾਦ, ਧਾਰਮਿਕ ਕੱਟੜਵਾਦ, ਕਾਰਪੋਰੇਟ ਲੁੱਟ ਅਤੇ ਕਾਲੇ ਕਾਨੂੰਨਾਂ ਖਿਲਾਫ ਬੇਖੌਫ ਹੋ ਕੇ ਲਿਖਣ, ਬੋਲਣ ਅਤੇ ਵਿਰੋਧੀ ਵਿਚਾਰ ਪ੍ਰਗਟਾਉਣ ਵਾਲੇ ਲੋਕਪੱਖੀ ਇਤਿਹਾਸਕਾਰ ਡਾ. ਰਾਮ ਪੁਨਿਆਨੀ ਨੂੰ ਜਾਨੋ ਮਾਰਨ ਦੀਆਂ ਧਮਕੀਆ ਦੇਣੀਆਂ ਭਾਰਤੀ ਸੰਵਿਧਾਨ ਦੀ ਧਾਰਾ 19 (ਵਿਚਾਰ ਪ੍ਰਗਟਾਵੇ ਦੀ ਆਜ਼ਾਦੀ) ਅਤੇ ਧਾਰਾ 21 (ਜਿਊਣ ਦਾ ਅਧਿਕਾਰ) ਦੀ ਸ਼ਰੇਆਮ ਉਲੰਘਣਾ ਹੈ, ਪਰ ਮੋਦੀ ਹਕੂਮਤ ਅਤੇ ਆਰ.ਐਸ.ਐਸ ਦੀ ਸਰਪ੍ਰਸਤੀ ਅਤੇ ਦਬਾਅ ਹੇਠ ਮਹਾਰਾਸ਼ਟਰ ਪੁਲੀਸ ਅਤੇ ਏਜੰਸੀਆਂ ਵਲੋਂ ਦੋਸ਼ੀਆਂ ਨੂੰ ਜਾਣ ਬੁੱਝ ਕੇ ਗਿ੍ਰਫ਼ਤਾਰ ਨਹੀਂ ਕੀਤਾ ਜਾ ਰਿਹਾ।
ਵਿਸ਼ੇਸ਼ ਤੌਰ ’ਤੇ ਪਹੁੰਚੇ ਉਘੇ ਚਿੰਤਕ ਡਾ. ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਡਾ. ਰਾਮ ਪੁਨਿਆਨੀ ਨੂੰ ਧਮਕੀਆਂ ਦੇਣ ਵਾਲੇ ਦੋਸ਼ੀ ਉਨਾ ਹੀ ਫਿਰਕੂ ਸੰਗਠਨਾਂ ਨਾਲ ਸਬੰਧਤ ਹੋ ਸਕਦੇ ਹਨ, ਜਿਨ੍ਹਾਂ ਨੇ ਪਿਛਲੇ ਸਾਲਾਂ ਵਿਚ ਹਿੰਦੂਤਵੀ ਫਾਸ਼ੀਵਾਦ, ਅੰਧ ਵਿਸ਼ਵਾਸਾਂ , ਪਾਖੰਡਵਾਦ ਅਤੇ ਰੂੜੀਵਾਦੀ ਰਵਾਇਤਾਂ ਦਾ ਡਟਵਾਂ ਵਿਰੋਧ ਕਰਨ ਵਾਲੇ ਤਰਕਸ਼ੀਲ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਪੱਤਰਕਾਰ ਡਾ. ਦਾਭੋਲਕਰ, ਗੋਵਿੰਦ ਪੰਸਰੇ, ਪ੍ਰੋ. ਕਲਬੁਰਗੀ ਅਤੇ ਗੌਰੀ ਲੰਕੇਸ਼ ਦੀ ਹੱਤਿਆ ਕੀਤੀ ਸੀ।
          ਤਰਕਸ਼ੀਲ ਆਗੂਆਂ ਨੇ ਪਿਛਲੇ ਸਾਲ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਝੂਠੇ ਕੇਸਾਂ ਵਿਚ ਨਜਾਇਜ ਗਿ੍ਰਫ਼ਤਾਰ ਕੀਤੇ ਪ੍ਰਸਿਧ ਵਕੀਲਾਂ ਸੁਧਾ ਭਾਰਦਵਾਜ, ਅਰੁਨ ਫਰੇਗਾ, ਵਰਨੌਨ ਗੋਜਾਲਵੇਜ ਤੋਂ ਇਲਾਵਾ ਇਨਕਲਾਬੀ ਸ਼ਾਇਰ ਵਰਵਰਾ ਰਾਓ ਅਤੇ ਉਘੇ ਜਮਹੂਰੀ ਅਧਿਕਾਰ ਆਗੂ ਗੌਤਮ ਨਵਲੱਖਾ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ।
          ਤਰਕਸ਼ੀਲ ਆਗੂਆਂ ਨੇ ਮਿਹਨਤਕਸ਼ ਜਮਾਤ ਨਾਲ ਸਬੰਧਤ ਸਮੂਹ ਲੋਕਪੱਖੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਹਕੂਮਤ ਦੇ ਫਿਰਕੂ ਫਾਸੀਵਾਦ ਅਤੇ ਆਰਥਿਕ ਲੁੱਟ ਦਾ ਤਿੱਖਾ ਵਿਰੋਧ ਕਰਨ ਲਈ ਇਕ ਸਾਂਝੇ ਪਲੇਟਫਾਰਮ ਉਤੇ ਲਾਮਬੰਦ ਹੋਣ।ਇਸ ਮੌਕੇ ਤਰਕਸ਼ੀਲ ਆਗੂ ਮੇਜਰ ਸਿੰਘ, ਅਜੀਤ ਸਿੰਘ, ਮਨਜੀਤ ਬਾਸਰਕੇ, ਰਾਜ ਕੁਮਾਰ ਵੇਰਕਾ, ਅਸ਼ਵਨੀ ਕੁਮਾਰ, ਧਰਵਿੰਦਰ ਕੋਹਾਲੀ, ਸੁਖਮੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply