ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਸਿੱਖ ਰੈਫਰੈਂਸ ਲਾਇਬ੍ਰੇ੍ਰਰੀ ਦੇ
ਮਾਮਲੇ ਸਬੰਧੀ ਉੱਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਗਈ ਇਸ ਪੰਜ ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਦੌਰਾਨ ਚੋਰੀ ਕੀਤਾ ਗਿਆ ਸਿੱਖ ਕੌਮ ਦਾ ਸਾਹਿਤਕ ਸਰਮਾਇਆ ਵਾਪਸ ਆਉਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੀ ਇਕ ਇਕੱਤਰਤਾ ਕਰਕੇ ਵੱਡੀ ਗਿਣਤੀ ਵਿਚ ਸਾਹਿਤਕ ਖ਼ਜ਼ਾਨਾ ਵਾਪਸ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਸੀ।ਇਸ ਦੇ ਨਾਲ ਹੀ ਪ੍ਰਧਾਨ ਲੌਂਗੋਵਾਲ ਨੂੰ ਇਸ ਸਬੰਧੀ ਉਚ ਪੱਧਰੀ ਸਬ-ਕਮੇਟੀ ਬਣਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ ਸੀ।ਇਸੇ ਦੌਰਾਨ ਲੌਂਗੋਵਾਲ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਅਤੇ ਕਾਰਜਸ਼ਾਲੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਸਮੇਂ ਆਖਿਆ ਸੀ ਕਿ ਜਲਦ ਹੀ ਉਚ ਪੱਧਰੀ ਜਾਂਚ ਕਮੇਟੀ ਗਠਤ ਹੋਵੇਗੀ।
ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਲੌਂਗੋਵਾਲ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਕੀਮਤੀ ਸਰਮਾਏ ਸਬੰਧੀ ਆਈਆਂ ਖ਼ਬਰਾਂ ਦੀ ਤਹਿ ਤੱਕ ਜਾਣ ਲਈ ਬਣਾਈ ਗਈ ਕਮੇਟੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੇਗੀ।ਉਨ੍ਹਾਂ ਆਖਿਆ ਕਿ ਇਹ ਮਾਮਲਾ ਕਿਉਂਕਿ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਜਾਂਚ ਕਮੇਟੀ 1984 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਵਾਚਣ ਉਪਰੰਤ ਆਪਣੀ ਰਿਪੋਰਟ ਦੇਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ ਸੰਗਤਾਂ ਨੂੰ ਸੱਚਾਈ ਦੇ ਰੂਬਰੂ ਕਰਨਾ ਹੈ।ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਜੇਕਰ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੀ ਊਣਤਾਈ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਜੇਕਰ ਇਲਜ਼ਾਮ ਸਾਬਤ ਨਾ ਹੋਏ ਤਾਂ ਸਬੰਧਤਾਂ ਖ਼ਿਲਾਫ਼ ਵੀ ਕੇਸ ਅਵੱਸ਼ ਦਰਜ਼ ਹੋਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media