Tuesday, March 3, 2026

ਤਰਕਸ਼ੀਲ ਤੇ ਪ੍ਰਸਿੱਧ ਲੇਖਕ ਮੁਖਵਿੰਦਰ ਚੋਹਲਾ ਦੇ ਦੇਹਾਂਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਰਾਮਦਾਸ ਮੈਡੀਕਲ ਵੱਲਾ ਵਲੋਂ ਮ੍ਰਿਤਕ ਸਰੀਰ ਨਾ ਲੈਣ ਦੀ ਤਰਕਸ਼ੀਲਾਂ ਕੀਤੀ ਨਿਖੇਧੀ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਨੇ ਤਰਕਸ਼ੀਲ ਲਹਿਰ ਦੇ ਸੀਨੀਅਰ Taraksheelਆਗੂ ਅਤੇ ਪ੍ਰਸਿਧ ਲੇਖਕ ਮੁਖਵਿੰਦਰ ਚੋਹਲਾ ਦੇ ਦੇਹਾਂਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੁਸਾਇਟੀ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਗੁਰੂ ਰਾਮਦਾਸ ਮੈਡੀਕਲ ਵੱਲਾ (ਅੰਮ੍ਰਿਤਸਰ) ਦੇ ਅਨਾਟਮੀ ਵਿਭਾਗ ਵਲੋਂ ਐਤਵਾਰ ਨੂੰ ਤਰਕਸ਼ੀਲ ਆਗੂ ਦਾ ਮ੍ਰਿਤਕ ਸਰੀਰ ਲੈਣ ਤੋਂ ਇਨਕਾਰ ਕਰਨ ਤੇ ਕਾਲਜ ਪ੍ਰਬੰਧਕਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
          ਇਸ ਸਬੰਧੀ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ ਇਕ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਮੁਖਵਿੰਦਰ ਚੋਹਲਾ ਇਕ ਪ੍ਰਤੀਬੱਧ ਤਰਕਸ਼ੀਲ ਆਗੂ ਸੀ, ਜਿਸ ਨੇ ਸਮਾਜ ਵਿਚੋਂ ਅੰਧਵਿਸ਼ਵਾਸਾਂ, ਪਾਖੰਡਵਾਦ, ਰੂੜੀਵਾਦ, ਫਿਰਕਾਪ੍ਰਸਤੀ ਅਤੇ ਹੋਰ ਸਮਾਜਿਕ ਬੁਰਾਈਆਂ ਖਤਮ ਕਰਨ ਅਤੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਲਈ ਪੂਰੇ ਤਿੰਨ ਦਹਾਕੇ ਸਰਗਰਮੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ।ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੇ ਮਰੀਜ ਹੋਣ ਦੇ ਬਾਵਜੂਦ ਸੋਸ਼ਲ ਮੀਡੀਏ ਤੇ ਰੋਜ਼ਾਨਾ ਸਵੇਰੇ ‘ਅੱਜ ਦਾ ਵਿਚਾਰ’ ਕਾਲਮ ਹੇਠ ਇਤਿਹਾਸ ਵਿਚ ਉਸ ਦਿਨ ਵਾਪਰੀਆਂ ਅਹਿਮ ਘਟਨਾਵਾਂ ਅਤੇ ਵਿਗਿਆਨਕ ਚੇਤਨਾ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਆਮ ਲੋਕਾਂ ਤਕ ਲਗਾਤਾਰ ਪਹੁੰਚਾਉਂਦੇ ਰਹੇ।
          ਤਰਕਸ਼ੀਲ ਆਗੂ ਜਸਪਾਲ ਬਾਸਰਕਾ, ਮੇਜਰ ਸਿੰਘ ਅਤੇ ਮਾਸਟਰ ਕੁਲਜੀਤ ਵੇਰਕਾ ਨੇ ਦੋਸ਼ ਲਾਇਆ ਕਿ ਮੁਖਵਿੰਦਰ ਚੋਹਲਾ ਸਮੇਤ ਹੋਰਨਾਂ 30 ਤਰਕਸ਼ੀਲ ਮੈਂਬਰਾਂ ਵਲੋਂ ਮਰਨ ਉਪਰੰਤ ਆਪਣਾ ਸਰੀਰ ਖੋਜ ਕਾਰਜਾਂ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸੰਨ 2007 ਵਿਚ ਪ੍ਰਦਾਨ ਕਰਨ ਦਾ ਹਲਫਨਾਮਾ ਦਿੱਤਾ ਗਿਆ ਸੀ।ਪਰ ਅਨਾਟਮੀ ਵਿਭਾਗ ਕੋਲ ਮ੍ਰਿਤਕ ਸਰੀਰਾਂ ਨੂੰ ਸਨਮਾਨਜਨਕ ਢੰਗ ਨਾਲ ਸਾਂਭਣ ਦਾ ਯੋਗ ਪ੍ਰਬੰਧ ਨਾ ਹੋਣ ਅਤੇ ਐਤਵਾਰ ਨੂੰ ਛੁੱਟੀ ਕਰਕੇ ਮ੍ਰਿਤਕ ਸਰੀਰ ਲੈਣ ਤੋਂ ਇਨਕਾਰ ਕਰਨ ਕਾਰਨ ਤਰਕਸ਼ੀਲ ਆਗੂ ਦਾ ਮ੍ਰਿਤਕ ਸਰੀਰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਵਿਖੇ ਭੇਜਣ ਲਈ ਮਜਬੂਰ ਹੋਣਾ ਪਿਆ।ਦੋਹਾਂ ਕਾਲਜ ਪ੍ਰਬੰਧਕਾਂ ਦਾ ਅਜਿਹਾ ਵਤੀਰਾ ਗੈਰ ਮਨੁੱਖੀ, ਅਨੈਤਿਕ ਅਤੇ ਲੋਕ ਵਿਰੋਧੀ ਸਾਬਤ ਹੋਇਆ ਹੈ।ਤਰਕਸ਼ੀਲ ਆਗੂ ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਸਾਥੀ ਮੁਖਵਿੰਦਰ ਚੋਹਲਾ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਦੇ ਨਾਲ ਨਾਲ ਤਰਕਸ਼ੀਲ ਲਹਿਰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਕੁਮਾਰ, ਮਾਸਟਰ ਅਵਤਾਰ ਸਿੰਘ ਵੇਰਕਾ, ਰਾਜ ਕੁਮਾਰ ਵੇਰਕਾ, ਬੀ.ਐਮ ਸਿੰਘ, ਮਨਜੀਤ ਬਾਸਰਕੇ, ਕਾਮਰੇਡ ਬਲਵਿੰਦਰ ਦੁਧਾਲਾ, ਡਾ. ਸ਼ਾਮ ਸੁੰਦਰ ਦੀਪਤੀ, ਸੁਮਨਪ੍ਰੀਤ ਕੌਰ, ਧਰਵਿੰਦਰ ਕੋਹਾਲੀ, ਬਲਦੇਵ ਰਾਜ ਵੇਰਕਾ, ਸ਼ਮਸ਼ੇਰ ਹੇਰ ਆਦਿ ਤਰਕਸ਼ੀਲ ਮੈਂਬਰ ਸ਼ਾਮਲ ਹੋਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply