Monday, March 16, 2026

ਤਰਕਸ਼ੀਲ ਆਗੂ ਪੱਤਰਕਾਰ, ਨਾਟਕਕਾਰ ਤੇ ਮਰਾਠੀ ਅਦਾਕਾਰ ਰਾਜਾ ਸ਼ਿਰਗੁਪੇ ਅੰਮ੍ਰਿਤਸਰ ਦੌਰੇ ਦੌਰਾਨ ਤਰਕਸ਼ੀਲਾਂ ਨੂੰ ਮਿਲੇ

ਅੰਮਿਤਸਰ, 22 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਣ ਸੰਮਤੀ ਦੇ PUNJ2206201913ਤਰਕਸ਼ੀਲ ਆਗੂ ਪੱਤਰਕਾਰ, ਨਾਟਕਕਾਰ ਅਤੇ ਮਰਾਠੀ ਫਿਲਮਾਂ ਦੇ ਅਦਾਕਾਰ ਰਾਜਾ ਸ਼ਿਰਗੁਪੇ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਦੇ ਆਗੂਆਂ ਨਾਲ ਵਿਰਸਾ ਵਿਹਾਰ ਵਿਖੇ ਇਕ ਮੀਟਿੰਗ ਕੀਤੀ।ਜਿਸ ਵਿਚ ਮਹਾਰਾਸ਼ਟਰ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਸਬੰਧੀ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ।
          ਇਸ ਮੌਕੇ ਮਹਾਰਾਸ਼ਟਰ ਦੀ ਤਰਕਸ਼ੀਲ ਲਹਿਰ ਸਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਬੁੱਧੀਜੀਵੀ ਸ਼ਿਰਗੁਪੇ ਨੇ ਕਿਹਾ ਕਿ ਅੰਧ ਸ਼ਰਧਾ ਨਿਰਮੂਲਣ ਸੰਮਤੀ ਦੇ ਸੰਸਥਾਪਕ ਡਾ. ਨਰੇਂਦਰ ਦਾਭੋਲਕਰ ਨੇ ਸਮੁੱਚੇ ਮਹਾਰਾਸ਼ਟਰ ਵਿਚ ਪੂਰੇ ਚਾਰ ਦਹਾਕੇ ਜਿਥੇ ਲੋਕਾਂ ਨੂੰ ਅੰਧ ਵਿਸ਼ਵਾਸਾਂ, ਜਾਤ ਪਾਤ, ਫਿਰਕਾਪ੍ਰਸਤੀ, ਮੂਰਤੀ ਵਿਸਰਜਨ, ਜੋਤਿਸ਼, ਬਾਬਾਵਾਦ, ਨਸ਼ਿਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਰੂੜੀਵਾਦੀ ਰਸਮਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕੀਤਾ, ਉਥੇ ਹੀ ਪਾਖੰਡੀ ਬਾਬਿਆਂ, ਜੋਤਸ਼ੀਆਂ ਅਤੇ ਕਥਿਤ ਕਾਲੇ ਇਲਮ ਦੇ ਦਾਅਵੇਦਾਰਾਂ ਨੂੰ ਸਜਾ ਦਿਵਾਉਣ ਲਈ ਜਾਦੂ ਟੂਣਾ ਅੰਧ ਵਿਸ਼ਵਾਸ, ਵਿਰੋਧੀ ਕਾਨੂੰਨ ਨੂੰ ਲਾਗੂ ਕਰਾਉਣ ਲਈ ਵੀ ਪੂਰੀ ਨਿਡਰਤਾ ਨਾਲ ਜਦੋ ਜਹਿਦ ਕੀਤੀ। ਉਨ੍ਹਾਂ ਦਸਿਆ ਕਿ ਫਿਰਕੂ ਸੰਗਠਨਾਂ ਵਲੋਂ ਸ਼ਹੀਦ ਕੀਤੇ ਡਾ. ਦਾਭੋਲਕਰ ਦੇ ਹਜ਼ਾਰਾਂ ਹਮਾਇਤੀਆਂ ਨੇ ਮਹਾਰਾਸ਼ਟਰ ਸਰਕਾਰ ਉਤੇ ਤੁਰੰਤ ਦਬਾਅ ਪਾ ਕੇ ਕਾਲਾ ਜਾਦੂ, ਅੰਧ ਵਿਸ਼ਵਾਸ, ਵਿਰੋਧੀ ਕਾਨੂੰਨ ਲਾਗੂ ਕਰਾਇਆ, ਜਿਸ ਤਹਿਤ ਹੁਣ ਤਕ ਦੋ ਸੌ ਤੋਂ ਵੱਧ ਪਾਖੰਡੀ ਤਾਂਤਰਿਕਾਂ, ਜੋਤਸ਼ੀਆਂ ਖਿਲਾਫ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਕਈਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ।
          ਇਸ ਮੌਕੇ ਜੋਨ ਆਗੂ ਮੁਖਤਿਆਰ ਗੋਪਾਲਪੁਰਾ ਅਤੇ ਇਕਾਈ ਮੁਖੀ ਸੁਮੀਤ ਸਿੰਘ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਕਾਰਜ ਵਿਉਤਬੰਦੀ ਤਹਿਤ ਤਰਕਸ਼ੀਲ ਸਾਹਿਤ ਵੈਨ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ, ਤਰਕਸ਼ੀਲ ਮੈਗਜ਼ੀਨ ਅਤੇ ਤਰਕਸ਼ੀਲ ਮੇਲਿਆਂ, ਸੈਮੀਨਾਰਾਂ ਆਦਿ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸੁਸਾਇਟੀ ਵਲੋਂ ਪੰਜਾਬ ਵਿਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰਾਉਣ ਲਈ ਕੀਤੀ ਜਾ ਰਹੀ ਜਦੋ ਜਹਿਦ ਬਾਰੇ ਵੀ ਦਸਿਆ।
          ਤਰਕਸ਼ੀਲ ਆਗੂਆਂ ਜਸਪਾਲ ਬਾਸਰਕਾ ਅਤੇ ਕਾਮਰੇਡ ਅਜੀਤ ਸਿੰਘ ਨੇ ਬੁੱਧੀਜੀਵੀ ਆਗੂ ਤੋਂ ਮਹਾਰਾਸ਼ਟਰ ਦੀ ਤਰਕਸ਼ੀਲ ਲਹਿਰ ਅਤੇ ਉਸ ਦੀ ਕਾਰਜ ਵਿਉਤਬੰਦੀ ਸਬੰਧੀ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ।ਤਰਕਸ਼ੀਲ ਆਗੂਆਂ ਸੁਖਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ ਅਤੇ ਧਰਵਿੰਦਰ ਕੋਹਾਲੀ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮਹਿਮਾਨ ਆਗੂ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਤਰਕਸ਼ੀਲ ਲਹਿਰ ਵਿਚ ਸਰਗਰਮ ਹੋਣ ਦੇ ਨਾਲ-ਨਾਲ ਪੱਤਰਕਾਰੀ ਅਤੇ ਨਾਟਕ ਦੇ ਖੇਤਰ ਤੋਂ ਇਲਾਵਾ ਕਈ ਮਰਾਠੀ ਫਿਲਮਾਂ ਵਿਚ ਵੀ ਅਦਾਕਾਰੀ ਕਰ ਰਹੇ ਹਨ ਅਤੇ ਪ੍ਰਸਿਧ ਨਾਟਕ ਸੁਕਰਾਤ ਤੋਂ ਦਾਭੋਲਕਰ ਵਾਇਆ ਤੁਕਾ ਰਾਮ ਦੇ ਕਈ ਸੈਂਕੜੇ ਸ਼ੋਅ ਕੀਤੇ ਹਨ।
          ਇਸ ਮੌਕੇ ਤਰਕਸ਼ੀਲ ਆਗੂਆਂ ਵਲੋਂ ਕੇਂਦਰ ਸਰਕਾਰ ਤੋਂ ਡਾ. ਦਾਭੋਲਕਰ, ਗੋਵਿੰਦ ਪੰਸਰੇ, ਪ੍ਰੋ. ਕੁਲਬਰਗੀ ਅਤੇ ਗੌਰੀ ਲੰਕੇਸ਼ ਦੇ ਫਿਰਕੂ ਕਾਤਲਾਂ ਨੂੰ ਗਿ੍ਰਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।ਇਕ ਹੋਰ ਮਤੇ ਵਿਚ ਮੋਦੀ ਸਰਕਾਰ ਅਤੇ ਹਿੰਦੂਤਵੀ ਫਾਸ਼ੀਵਾਦ ਖਿਲਾਫ ਵਿਰੋਧੀ ਵਿਚਾਰ ਪ੍ਰਗਟਾਉਣ ਵਾਲੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਤਰਕਸ਼ੀਲਾਂ, ਨਾਟਕਕਾਰਾਂ ਅਤੇ ਜਮਹੂਰੀ ਅਧਿਕਾਰਾਂ ਦੇ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਵਿਚ ਜੇਲੀਂ ਡੱਕਣ ਦੀ ਸਖ਼ਤ ਨਿਖੇਧੀ ਵੀ ਕੀਤੀ ਗਈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply