ਅੰਮ੍ਰਿਤਸਰ, 24 ਜੂਨ ( ਪੰਜਾਬ ਪੋਸਟ- ਦੀਪ ਦਵਿੰਦਰ) – ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬਰੇਰੀ ਵਲੋਂ ਅੰਮਿ੍ਤਸਰ ਸਾਹਿਤਕ ਮੰਚ ਦੇ ਸਹਿਯੋਗ ਨਾਲ
ਸ਼ਾਇਰ ਡਾ. ਲਖਵਿੰਦਰ ਸਿੰਘ ਗਿੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।ਪੁਸਤਕਾਂ ਸੰਗ ਸੰਵਾਦ ਸਮਾਗਮਾਂ ਦੀ ਲੜੀ ਤਹਿਤ ਹੋਇਆ ਇਹ ਸਾਹਿਤਕ ਸਮਾਗਮ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਦੇਸ਼ ਭਰ ਵਿਚ ਚਲ ਰਹੇ ਮੁਹਿੰਮ ਦਾ ਹਿੱਸਾ ਸੀ।ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਨੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਾਇਰ ਮਲਵਿੰਦਰ ਨੇ ਲੇਖਕ ਬਾਰੇ ਜਾਣ-ਪਛਾਣ ਕਰਵਾਈ।
ਡਾ. ਗਿੱਲ ਨੇ ਲੇਖਕਾਂ ਦੇ ਰੂਬਰੂ ਹੁੰਦਿਆਂ ਆਪਣੀ ਪੁਸਤਕ ‘ਤੂੰ ਕਿਉ ਨਹੀਂ ਬੋਲਦਾ’ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਕੇਂਦ੍ਰਿਤ ’ਚ ਰੱਖ ਕੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲਿਖਣ ਕਾਰਜ ਵਿੱਚ ਮਾਪੇ, ਅਧਿਆਪਕ ਅਤੇ ਪੇਂਡੂ ਪਿਛੋਕੜ ਅਹਿਮ ਕੜੀ ਵਜੋਂ ਭੂਮਿਕਾ ਨਿਭਾਉਦਾ ਹੈ।
ਸ਼ਾਇਰ ਦੇਵ ਦਰਦ ਨੇ ਡਾ. ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਅਤੀਤ ਵਿਚੋਂ ਬਹੁਤ ਕੁੱਝ ਸਿੱਖਦਾ ਹੈ ਅਤੇ ਕਲਮ ਜਰੀਏ ਬਾਖੂਬੀ ਪੇਸ਼ ਕਰਦਾ ਹੈ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਡਾ. ਲਖਵਿੰਦਰ ਗਿੱਲ ਦੀ ਸ਼ਾਇਰੀ ਦੇ ਹਵਾਲੇ ਨਾਲ ਕਿਹਾ ਕਿ ਲੇਖਕ ਦੇ ਜੀਵਨ ਅਨੁਭਵ ਵਿਚੋਂ ਨਿਕਲਿਆ ਸਾਹਿਤ ਲੋਕ ਸਾਹਿਤ ਦੇ ਹਾਣ ਦਾ ਹੁੰਦਾ ਹੈ।
ਡਾ. ਇਕਬਾਲ ਕੌਰ ਸੌਂਦ ਅਤੇ ਡਾ. ਮੋਹਨ ਨੇ ਕਿਹਾ ਕਿ ਅਜਿਹੇ ਸਾਹਿਤਕ ਸੰਵਾਦ ਰਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਸਰਬਜੀਤ ਸਿੰਘ ਸੰਧੂ, ਧਰਵਿੰਦਰ ਔਲਖ ਅਤੇ ਇੰਦਰੇਸ਼ਮੀਤ ਨੇ ਡਾ. ਗਿੱਲ ਦੀਆਂ ਨਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਵਿਤਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਵਿਤਾਵਾਂ ਭਾਸ਼ਾ ਦੇ ਵਿਕਾਸ ਵਿਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।
ਇਸ ਮੌਕੇ ਡਾ. ਮੋਹਨ, ਹਰਭਜਨ ਖੇਮਕਰਨੀ, ਅਰਜੁਨ ਗੁਪਤਾ, ਹਰਜੀਤ ਸੰਧੂ, ਕਲਿਆਣ ਅੰਮਿ੍ਰਤਸਰੀ, ਰਾਜਵਿੰਦਰ ਕੌਰ ਰਾਜ, ਬਰਜਿੰਦਰ ਮਾਂਗਟ, ਡਾ. ਭੁਪਿੰਦਰ ਸਿੰਘ ਫੇਰੂਮਾਨ, ਮਨਮੋਹਨ ਬਾਸਰਕੇ, ਰਾਮ ਲਾਲ ਬਾਵਾ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media