35 ਤੋਂ ਵੱਧ ਕੰਪਨੀਆਂ ਨੇ ਕੀਤੀ ਸ਼ਿਰਕਤ – 478 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿੰਦਗੀ ਵਿੱਚ ਕੋਈ ਵੀ ਨੌਕਰੀ ਛੋਟੀ ਨਹੀਂ ਹੁੰਦੀ ਅਤੇ ਵਿਅਕਤੀ ਆਪਣੀ ਮਿਹਨਤ ਨਾਲ ਹੀ
ਸਫਲਤਾ ਨੂੰ ਹਾਸਲ ਕਰਦਾ ਹੈ ਅਤੇ ਮਿਹਨਤੀ ਵਿਅਕਤੀ ਆਪਣੀ ਜਿੰਦਗੀ ਵਿੱਚ ਕਦੇ ਵੀ ਅਸਫਲ ਨਹੀਂ ਹੁੰਦੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਸਿਖਿਆ ਵਿਭਾਗ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ +2 ਪਾਸ ਸਰਕਾਰੀ ਸਕੂਲਾਂ ਦੇ ਐਨ.ਐਸ.ਕਿਊ ਅਤੇ ਸਟੇਟ ਵੋਕੇਸ਼ਨਲ ਦੇ ਵਿਦਿਆਰਥੀਆਂ ਨੂੰ ਰੁਜਗਾਰ ਦੇਣ ਦੇ ਮਨੋਰਥ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਦੂਜਾ ਰੁਜਗਾਰ ਮੇਲੇ ਦਾ ਉਦਘਾਟਨ ਕਰਦਿਆਂ ਕੀਤਾ।ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਸਕੀਮ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ +2 ਪਾਸ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵੋਕੇਸ਼ਨਲ ਕੋਰਸ ਕਰਵਾ ਕੇ ਰੁਜ਼ਾਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 35 ਕੰਪਨੀਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਕੰਪਨੀਆਂ ਵੱਲੋਂ ਆਪਣੀ ਮੰਗ ਅਨੁਸਾਰ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।
ਢਿਲੋਂ ਨੇ ਕਿਹਾ ਕਿ ਹੁਨਰ ਹੈ ਤਾਂ ਰੁਜਗਾਰ ਦੇ ਸਲੋਗਨ ਤਹਿਤ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੁਦ ਖੜੇ ਹੋ ਸਕਣ।ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਵਿੱਚ ਹੁਨਰ ਹੈ ਤਾਂ ਤੁਹਾਨੂੰ ਰੁਜਗਾਰ ਆਪਣੇ ਆਪ ਮਿਲੇਗਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਕੰਮ ਤੋਂ ਸ਼ਰਮ ਨਹੀਂ ਕਰਨੀ ਚਾਹੀਦੀ ਅਤੇ ਜੇ ਵੀ ਕੰਮ ਤੁਹਾਨੂੰ ਮਿਲਿਆ ਹੈ ਉਸ ਨੂੰ ਪੂਰੀ ਸ਼ਿੱਦਤ ਨਾਲ ਨੇਪਰੇ ਚਾੜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਹੀ ਖੁਸ਼ ਕਿਸਮਤ ਹੋ ਕਿ ਨੌਕਰੀਆਂ ਤੁਹਾਡੇ ਘਰ ਚੱਲ ਕੇ ਆਈਆਂ ਹਨ।ਢਿਲੋਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਕਤੂਬਰ ਵਿੱਚ ਇਕ ਮੈਗਾ ਜਾਬ ਫੇਅਰ ਵੀ ਲਗਾਇਆ ਜਾ ਰਿਹਾ ਹੈ ਜਿਸ ਤਹਿਤ ਘਰ ਘਰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਹੋਣਗੇ।
ਇਸ ਮੌਕੇ ਸ੍ਰੀ ਸੁਭਾਸ਼ ਮਹਾਜਨ ਡਿਪਟੀ ਡਾਇਰੈਕਟਰ ਵੋਕੇਸ਼ਨਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਆਈਆਂ ਕੰਪਨੀਆਂ ਵੱਲੋਂ ਤੁਹਾਡੇ ਇੰਟਰਵਿਊ ਲਈ ਜਾਵੇਗੀ ਅਤੇ ਤੁਹਾਨੂੰ ਵੀ ਬੇਬਾਕ ਹੋ ਕੇ ਆਪਣੇ ਉਤਰ ਦੇਣੇ ਚਾਹੀਦੇ ਹਨ।ਉਨ੍ਹਾਂ ਦੱਸਿਆ ਕਿ ਅੰਮਿ੍ਰਤਸਰ ਤੇ ਤਰਨਤਾਰਨ ਦੇ 736 ਵਿਦਿਆਰਥੀ ਇਸ ਰੁਜਗਾਰ ਮੇਲੇ ਵਿੱਚ ਪਹੁੰਚੇ ਅਤੇ ਆਈਆਂ ਹੋਈਆਂ ਕੰਪਨੀਆਂ ਵੱਲੋਂ ਮੌਕੇ ਤੇ ਹੀ 478 ਵਿਦਿਆਰਥੀਆਂ ਦੀ ਪਲੇਸਮੈਂਟ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਨਰ ਹੈ ਤਾਂ ਰੁਜ਼ਗਾਰ ਦੇ ਤਹਿਤ ਵੱਖ-ਵੱਖ ਜਿਲ੍ਹਿਆਂ ਵਿੱਚ ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਤਹਿਤ +2 ਪਾਸ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੇ ਮੌਕੇ ਦਿੱਤੇ ਜਾਣਗੇ।
ਰੁਜ਼ਗਾਰ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਕਿਹਾ ਕਿ ਕੋਈ ਵੀ ਨੌਕਰੀ ਛੋਟੀ ਨਹੀਂ ਹੁੰਦੀ ਅਤੇ ਇਥੇ ਆਈਆਂ ਕੰਪਨੀਆਂ ਵੱਲੋਂ ਤੁਹਾਡੇ ਹੁਨਰ ਮੁਤਾਬਿਕ ਰੁਜਗਾਰ ਦਿੱਤਾ ਜਾਵੇਗਾ।ਸਮਰਾ ਵੱਲੋਂ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ `ਜੀ ਆਇਆ` ਕਹਿੰਦਿਆਂ ਅਖਿਆ ਕਿ ਜਿਲ੍ਹਾ ਪ੍ਰਸਾਸ਼ਨ ਦੀ ਮਦਦ ਨਾਲ ਹੀ ਇਹ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ ਅਤੇ ਇਸ ਮੇਲੇ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿਦਿਆਰਥੀ ਸ਼ਾਮਲ ਹੋਏ ਹਨ।
ਇਸ ਰੁਜਗਾਰ ਮੇਲੇ ਵਿੱਚ ਹਰਭਗਵੰਤ ਸਿੰਘ ਉਪ ਜਿਲ੍ਹਾ ਸਿਖਿਆ ਅਫਸਰ, ਰਾਜੇਸ਼ ਸ਼ਰਮਾ ਉਪ ਜਿਲ੍ਹਾ ਸਿਖਿਆ ਅਫਸਰ, ਸ੍ਰੀਮਤੀ ਰਜਿੰਦਰ ਕੌਰ ਉਪ ਜਿਲ੍ਹਾ ਸਿਖਿਆ ਅਫਸਰ ਤਰਨਤਾਰਨ, ਜਸਬੀਰ ਸਿੰਘ, ਸੁਖਬੀਰ ਸਿੰਘ ਜਿਲ੍ਹਾ ਕੁਆਰਡੀਨੇਟਰ ਅੰਮ੍ਰਿਤਸਰ ਤੇ ਤਰਨਤਾਰਨ, ਪ੍ਰਿੰਸੀਪਲ ਸ੍ਰੀਮਤੀ ਰਸ਼ਮੀ, ਜੇ.ਪੀ.ਸਿੱਧੂ, ਦਵਿੰਦਰ ਸਿੰਘ, ਯੋਗੇਸ਼ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਮਾਪੇ ਅਤੇ ਅਧਿਆਪਕ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media