Sunday, March 15, 2026

ਅੰਮ੍ਰਿਤਸਰ ਵਿੱਚ ਹਵਾ ਪ੍ਰਦੂਸ਼ਣ ਰੋਕਣ ਲਈ ਸੰਯੁਕਤ ਰਾਸ਼ਟਰ ਦੀ ਟੀਮ ਵਲੋਂ ਸ਼ਹਿਰ ਦਾ ਦੌਰਾ

ਪ੍ਰਦੂਸ਼ਣ ਬੋਰਡ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਕੀਤੀਆਂ ਵਿਚਾਰਾਂ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਯੁਕਤ ਰਾਸ਼ਟਰ ਵਲੋਂ ਹਵਾ ਪ੍ਰਦੂਸ਼ਣ ਦੇ ਸੁਧਾਰ ਲਈ ਸ਼ਹਿਰ ਬਾਰੇ ਵਿਸਥਾਰਿਤ ਯੋਜਨਾ ਤਿਆਰ ਕਰਨ ਅਤੇ ਉਸ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਅੱਜ ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਉਚ ਪੱਧਰੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ।ਇਹ ਟੀਮ ਸ੍ਰੀ ਦਰਬਾਰ ਸਾਹਿਬ ਵੀ ਗਈ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦਾ ਵੀ ਨਿਰੀਖਣ ਕੀਤਾ।ਇਸ ਮਗਰੋਂ ਟੀਮ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਵਿਉਂਤਬੱਧੀ ਕਰਨ ਲਈ ਵਿਚਾਰ-ਚਰਚਾ ਕੀਤੀ ਗਈ।
      ਟੀਮ ਲੀਡਰ ਜ਼ਿਆਫਾਂਗ ਜਾਉ ਨੇ ਇਸ ਮੌਕੇ ਦੱਸਿਆ ਕਿ ਸੰਯੁਕਤ ਰਾਸ਼ਟਰ ਭਾਰਤ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਦੇ ਪਹਿਲੇ ਪੜਾਅ ਵਿਚ ਦੇਸ਼ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਵਾਰਾਨਸੀ ਅਤੇ ਗੁਰੂਗ੍ਰਾਮ ਦੀ ਚੋਣ ਹਵਾ ਪ੍ਰਦੂਸ਼ਣ ਵਿਚ ਸੁਧਾਰ ਕਰਨ ਨੂੰ ਲੈ ਕੇ ਕੀਤੀ ਗਈ ਹੈ।ਉਨਾਂ ਦੱਸਿਆ ਕਿ ਅੱਜ ਟੀਮ ਵੱਲੋਂ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਦੌਰੇ ਤੋਂ ਕੀਤੀ ਗਈ ਹੈ।ਉਨਾਂ ਕਿਹਾ ਕਿ ਸ਼ਹਿਰ ਵਿਚ ਹਵਾ ਦੀ ਗੁਣਵੱਤਾ ਦੇ ਸੁਧਾਰ ਲਈ ਟਰੈਫਿਕ ਸੁਧਾਰ ਵੱਡੀ ਲੋੜ ਹਨ ਅਤੇ ਇਸ ਲਈ ਅਸੀਂ ਹਰ ਤਰਾਂ ਦੀ ਸੰਭਵ ਸਹਾਇਤਾ ਦਿਆਂਗੇ।ਉਨਾਂ ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਅਤੇ ਇੰਡਸਟਰੀ ਤੋਂ ਨਿਕਲਦੇ ਧੂੰਏ ਨੂੰ ਵੀ ਇਸ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸਿਆ।
ਉਨਾਂ ਕਿਹਾ ਕਿ ਸਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਹੈ ਕਿ ਰੋਜ਼ਾਨਾ ਸ਼ਹਿਰ ਵਿਚ ਸਵਾ ਲੱਖ ਤੋਂ ਵੱਧ ਸੈਲਾਨੀ ਆ ਰਹੇ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਯੋਜਨਾਬੰਦੀ ਉਲੀਕਣ ਦੀ ਲੋੜ ਹੈ।ਉਨਾਂ ਸ਼ਹਿਰ ਦੀ ਟਰੈਫਿਕ ਦੇ ਸੁਧਾਰ ਲਈ ਜਨਤਕ ਟਰਾਂਸਪੋਰਟ ਸੇਵਾ ਜਿਵੇਂ ਕਿ ਮੈਟਰੋ ਆਦਿ ਨੂੰ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ, ਤਾਂ ਜੋ ਹਰੇਕ ਸ਼ਹਿਰ ਆਉਣ ਵਾਲੇ ਲੋਕ ਆਪਣੇ ਵਾਹਨ ਬਾਹਰ ਪਾਰਕ ਕਰਕੇ ਸਿਟੀ ਸੇਵਾ ਦੀ ਵਰਤੋਂ ਕਰਨ। ਉਨਾਂ ਕਿਹਾ ਕਿ ਹਵਾ ਪ੍ਰਦੂਸ਼ਣ ਸਿਹਤ ਨਾਲ ਜੁੜਿਆ ਮੁੱਦਾ ਹੈ ਅਤੇ ਇਹ ਮਨੁੱਖੀ ਜਾਨਾਂ ਲਈ ਘਾਤਕ ਹੈ, ਇਸ ਲਈ ਇਸ ਮੁੱਦੇ ਉਤੇ ਤਰੁੰਤ ਧਿਆਨ ਦੀ ਲੋੜ ਹੈ।ਉਨਾਂ ਭਰੋਸਾ ਦਿੱਤਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਉਤੇ ਤਿਆਰ ਕੀਤੀ ਗਈ ਯੋਜਨਾ ਦਾ ਅਧਿਐਨ ਕਰਕੇ ਇਸ ਨੂੰ ਲੋੜੀਂਦੇ ਸੁਧਾਰਾਂ ਨਾਲ ਲਾਗੂ ਕਰਨ ਲਈ ਹਰ ਤਰਾਂ ਦੀ ਮਦਦ ਦਿਆਂਗੇ।
              ਇਸ ਮੌਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕੁਰਨੇਸ਼ ਗਰਗ ਨੇ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਤਿਆਰ ਕੀਤੀ ਗਈ ਯੋਜਨਾ ਦਾ ਖੁਲਾਸਾ ਟੀਮ ਮੈਂਬਰਾਂ ਨਾਲ ਕੀਤਾ ਅਤੇ ਦੱਸਿਆ ਕਿ ਸਾਲ 2017 ਨਾਲੋਂ 2018 ਵਿਚ ਅੰਮ੍ਰਿਤਸਰ ਦੀ ਹਵਾ ਗੁਣਵੱਤਾ ਵਿਚ ਸੁਧਾਰ ਵੇਖਣ ਨੂੰ ਮਿਲਿਆ ਹੈ, ਜੋ ਕਿ ਚੰਗਾ ਸੰਕੇਤ ਹੈ। ਉਨਾਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦੁਰਸਤ ਪੰਜਾਬ ਅਧੀਨ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਵੀ ਸੰਯੁਕਤ ਰਾਸ਼ਟਰ ਦੀ ਟੀਮ ਨਾਲ ਸਾਂਝਾ ਕੀਤਾ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਦੇ ਨਾਲ-ਨਾਲ ਲਜ਼ੀਜ ਖਾਣੇ ਲਈ ਵੀ ਜਾਣਿਆ ਜਾਂਦਾ ਹੈ। ਉਨਾਂ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਇਕ ਦਿਨ ਵਿਚ ਘੁੰਮ-ਫਿਰਨ ਵਾਲਾ ਸੈਲਾਨੀ ਕੇਂਦਰ ਸੀ, ਪਰ ਹੁਣ 2 ਤੋਂ 3 ਦਿਨ ਦੀ ਠਾਹਰ ਬਣ ਚੁੱਕਾ ਹੈ, ਜਿਸ ਨਾਲ ਸੈਰ ਸਪਾਟਾ ਸਨਅਤ ਨੂੰ ਤਾਂ ਵੱਡਾ ਬਲ ਮਿਲਿਆ ਹੈ, ਪਰ ਸ਼ਹਿਰ ਦੇ ਸਾਧਨਾਂ ਉਤੇ ਬੋਝ ਵੱਧ ਗਿਆ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵੱਧ-ਫੁੱਲ ਰਿਹਾ ਹਵਾਈ ਅੱਡਾ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਰੇਲ ਗੱਡੀਆਂ, ਲਗਜ਼ਰੀ ਬੱਸਾਂ ਅਤੇ ਹੋਰ ਸਾਧਨ ਅੰਮ੍ਰਿਤਸਰ ਵੱਲ ਵੱਧ ਰਹੇ ਹਨ। ਉਨਾਂ ਕਿਹਾ ਕਿ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਬੀ.ਆਰ.ਟੀ.ਐਸ ਬੱਸਾਂ ਇਸ ਲੋੜ ਨੂੰ ਪੂਰੀ ਕਰਨ ਲਈ ਕਾਫੀ ਨਹੀਂ, ਹੋਰ ਵਧੇਰੇ ਜਨਤਕ ਸਾਧਨਾਂ ਦੀ ਲੋੜ ਆਉਣ ਵਾਲੇ 2 ਤੋਂ 3 ਸਾਲਾਂ ਵਿਚ ਪਵੇਗੀ।ਉਨਾਂ ਦੱਸਿਆ ਕਿ ਵਿਰਾਸਤੀ ਸ਼ਹਿਰ ਹੋਣ ਕਾਰਨ ਸੜਕਾਂ ਚੌੜੀਆਂ ਕਰਨ ਲਈ ਸ਼ਹਿਰ ਦੀਆਂ ਅੰਦਰੂਨੀ ਇਮਾਰਤਾਂ ਨੂੰ ਤੋੜਿਆ ਵੀ ਨਹੀਂ ਜਾ ਸਕਦਾ।ਇਸ ਲਈ ਅਜਿਹੀਆਂ ਸਾਰੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੀ ਜਨਤਕ ਆਵਾਜਾਈ ਸਹੂਲਤ ਦੀ ਲੋੜ ਹੈ, ਜੋ ਸ਼ਹਿਰ ਦੀਆਂ ਸੜਕਾਂ ਉਤੇ ਲੱਗਦੇ ਜਾਮ ਨੂੰ ਘੱਟ ਕਰ ਸਕੇ ਅਤੇ ਇਸ ਨਾਲ ਪ੍ਰਦੂਸ਼ਣ ਦਾ ਵੱਡਾ ਫਰਕ ਪਵੇਗਾ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਜੀ.ਐਸ ਮਜੀਠੀਆ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦਾ ਲੰਗਰ ਸੀ.ਐਨ.ਜੀ.ਨਾਲ ਬਣਨ ਦੀ ਜਲਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਥੇ ਜਰਨੇਟਰ ਬੰਦ ਕਰਕੇ ਨਿਰੰਤਰ ਬਿਜਲੀ ਸਪਲਾਈ ਲਈ ਵੱਖਰਾ ਗਰਿਡ ਬਣਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂੰਹਦ ਨੂੰ ਰੋਕਣ ਲਈ ਸਰਕਾਰ ਵੱਲੋਂ ਵੱਡੀ ਸਬਸਿਡੀ ਉਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਰਟ ਸਿਟੀ ਦੇ ਸੀ.ਈ.ਓ ਸ੍ਰੀਮਤੀ ਕੋਮਲ ਮਿਤਲ, ਪ੍ਰਦੀਪ ਗਰਗ, ਜੁਇੰਟ ਕਮਿਸ਼ਨਰ ਨਿਤਿਸ਼ ਸਿੰਗਲਾ, ਇੰਜ. ਹਰਬੀਰ ਸਿੰਘ,  ਡਾ. ਰਵਿੰਦਰ ਖਾਇਵਾਲ ਅਤੇ ਸੰਯੁਕਤ ਰਾਸ਼ਟਰ ਦੀ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਆਏ ਮੈਂਬਰਾਂ ਨੂੰ ਇਤਹਾਸਕ ਕਿਤਾਬਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply