Wednesday, July 8, 2026

ਸਹਿਕਾਰੀ ਬੈਂਕਾਂ ਵਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਸੇਵਾਵਾਂ ਦੇਣ ਦੀ ਸ਼ੁਰੂਆਤ

ਸਹਿਕਾਰਤਾ ਮੰਤਰੀ ਰੰਧਾਵਾ ਤੇ ਮਾਲ ਮੰਤਰੀ ਕਾਂਗੜ ਨੇ ਕੀਤਾ ਰਸਮੀ ਉਦਘਾਟਨ
 ਚੰਡੀਗੜ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਸਹਿਕਾਰੀ ਬੈਂਕ ਵਲੋਂ ਅੱਜ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ PUNJ2706201920ਫੀਸ ਦੀਆਂ ਸੇਵਾਵਾਂ ਆਪਣੇ ਗ੍ਰਾਂਹਕਾਂ ਨੂੰ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ। ਬੈਂਕ ਵਲੋਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਨਾਲ ਅਧਿਕਾਰਤ ਤੌਰ `ਤੇ ਕੀਤੇ ਇਕਰਾਰਨਾਮੇ ਤਹਿਤ ਇਨਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਰਸਮੀ ਉਦਘਾਟਨ ਅੱਜ ਇਥੇ ਸੈਕਟਰ-34 ਸਥਿਤ ਬੈਂਕ ਦੇ ਮੁੱਖ ਦਫਤਰ ਦੀ ਬਰਾਂਚ ਵਿਖੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਈ-ਸਟੈਂਪ ਪੇਪਰ ਦਾ ਕੰਮ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਵੱਲੋਂ ਅੱਜ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ 27 ਬਰਾਂਚਾਂ ਰਾਹੀਂ 32 ਤਹਿਸੀਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ।ਉਨਾਂ ਕਿਹਾ ਕਿ  ਇਸ ਨਾਲ ਬੈਂਕ ਅਤੇ ਖਾਸ ਕਰਕੇ ਗ੍ਰਾਹਕ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।ਰੰਧਾਵਾ ਨੇ ਕਿਹਾ ਕਿ ਸਹਿਕਾਰੀ ਬੈਂਕ ਕਿਸਾਨੀ ਦੀ ਰੀੜ ਦੀ ਹੱਡੀ ਹੈ ਅਤੇ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਨੂੰ ਅਪਡੇਟ ਕਰਦਿਆਂ ਗ੍ਰਾਹਕ ਪੱਖੀ ਬਣਾਇਆ ਜਾਵੇਗਾ।ਇਸ ਤੋਂ ਇਲਾਵਾ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਸੁਧਾਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੋਰ ਬੈਂਕਿੰਗ ਸਹੂਲਤਾਂ ਦੇ ਨਾਲ-ਨਾਲ ਬੈਂਕ ਵੱਲੋਂ ਇਸ ਸਹੂਲਤ ਸ਼ੁਰੂ ਕਰਨ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਉਹ ਖੱਜਲ-ਖੁਆਰੀ ਤੋਂ ਬਚਣਗੇ।ਕਿਸਾਨਾਂ ਨੂੰ ਨਗਦੀ ਲੈ ਕੇ ਆਉਣ-ਜਾਣ ਤੋਂ ਰਾਹਤ ਮਿਲੇਗੀ ਅਤੇ ਬੈਂਕਾਂ ਦੀ ਆਰਥਿਕਤਾ ਵੀ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਰੋਜ਼ਾਨਾ 8 ਤੋਂ 10 ਕਰੋੜ ਰੁਪਏ ਤੱਕ ਈ-ਸਟੈਂਪਾਂ ਦੀ ਵਿਕਰੀ ਦਾ ਅਨੁਮਾਨ ਹੈ। ਉਨਾਂ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਸਹਿਕਾਰੀ ਬੈਂਕ ਵਿੱਚ ਇਹ ਸਹੂਲਤ ਲੈਣ ਸਮੇਂ ਉਨਾਂ ਵਿੱਚ ਇਹ ਭਾਵਨਾ ਵੀ ਪੈਦਾ ਹੋਵੇਗੀ ਕਿ ਉਨਾਂ ਨਾਲ ਕੋਈ ਹੇਰਾਫੇਰੀ ਨਹੀਂ ਹੋਵੇਗੀ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦਾ ਹੇਠਲੇ ਪੱਧਰ `ਤੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਵਿੱਚ ਸਹਿਕਾਰਤਾ ਲਹਿਰ ਪ੍ਰਫੁੱਲਤ ਹੋ ਰਹੀ ਹੈ ਅਤੇ ਨਵੀਆਂ ਉਚਾਈਆਂ ਨੂੰ ਛੋਹ ਰਹੀ ਹੈ। ਉਨਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਸਮੇਂ ਦੀ ਮੁੱਖ ਲੋੜ ਹੈ।ਉਨਾਂ ਕਿਹਾ ਕਿ ਬੈਂਕ ਵਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀਆਂ ਸੇਵਾਵਾਂ ਜਾਰੀ ਹੋਣ ਨਾਲ ਗ੍ਰਾਹਕਾਂ ਨੂੰ ਨਗਦੀ ਕੈਸ ਨਹੀਂ ਚੁੱਕਣਾ ਪਵੇਗਾ ਜਿਸ ਨਾਲ ਉਨਾਂ ਨੂੰ ਬਿਨਾਂ ਕਿਸੇ ਝੰਜਟ ਦੇ ਸਟੈਂਪ ਪੇਪਰ ਮਿਲ ਜਾਇਆ ਕਰਨਗੇ।
ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਸਹਿਕਾਰਤਾ ਵਿਸਵਾਜੀਤ ਖੰਨਾ ਨੇ ਬੋਲਦਿਆਂ ਕਿਹਾ ਕਿ ਕੇਂਦਰੀ ਸਹਿਕਾਰੀ ਬੈਂਕ ਹਰ ਸਮੇਂ ਹੀ ਗ੍ਰਾਹਕਾਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਉਨਾਂ ਨੂੰ ਹਰ ਤਰਾਂ ਦੀ ਸਹੂਲਤ ਦੇਣ ਲਈ ਤਤਪਰ ਰਹਿੰਦੇ ਹਨ।ਉਸੇ ਹੀ ਕੜੀ ਵਜੋਂ ਬੈਂਕ ਨੇ ਗ੍ਰਾਹਕਾਂ ਲਈ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਜਿਸ ਅਧੀਨ 20,000 ਰੁਪਏ ਜਾਂ ਉਸ ਤੋਂ ਉਪਰ ਦੀ ਰਕਮ ਦੇ ਸਟੈਂਪ ਪੇਪਰ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਵਿਚੋਂ ਖਰੀਦ ਸਕਦੇ ਹਨ।
ਇਸ ਮੌਕੇ ਸਹਿਕਾਰਤਾ ਮੰਤਰੀ ਰੰਧਾਵਾ ਤੇ ਮਾਲ ਮੰਤਰੀ ਕਾਂਗੜ ਵੱਲੋਂ ਬੈਂਕ ਦੀਆਂ ਈ-ਸੇਵਾਵਾਂ ਦਾ ਰਸਮੀ ਉਦਘਾਟਨ ਕਰਦਿਆਂ ਬੈਂਕ ਦੇ ਪੁਰਾਣੇ ਗ੍ਰਾਂਹਕਾਂ ਨੂੰ ਆਨਲਾਈਨ ਸਟੈਂਪ ਪੇਪਰ ਵੀ ਜਾਰੀ ਕੀਤੇ ਗਏ।ਇਨਾਂ ਗ੍ਰਾਹਕਾਂ ਅਤੇ ਸਹਿਕਾਰੀਆਂ ਰਵਿੰਦਰ ਗੋਇਲ, ਸੋਮ ਦੱਤ ਸ਼ਰਮਾ, ਹਰਗੋਬਿੰਦ ਅਗਰਵਾਲ, ਦੇਵੀ ਦਿਆਲ ਗੋਇਲ, ਵਿਵੇਕ ਗੋਇਲ, ਸੁਨੀਲ ਭਸੀਨ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਐਸ.ਕੇ ਬਾਤਿਸ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਸਣੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਗ੍ਰਾਹਕਾਂ ਦੀ ਸਹੂਲਤ ਲਈ ਸਮੇਂ-ਸਮੇਂ ਉਨਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਨ ਬੈਂਕ ਤਤਪਰ ਰਹੇਗਾ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਕੁਲਬੀਰ ਸਿੰਘ ਜ਼ੀਰਾ, ਨਾਬਾਰਡ ਦੇ ਚੀਫ ਜਨਰਲ ਮੈਨੇਜਰ ਜੇ.ਪੀ.ਐਸ ਬਿੰਦਰਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਦਵਿੰਦਰ ਸਿੰਘ, ਵਧੀਕ ਰਜਿਸਟਰਾਰ ਸ੍ਰੀਮਤੀ ਨਿਸ਼ਾ ਰਾਣਾ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਤੋਂ ਹੈਡ ਗੌਰਮਿੰਟ ਬਿਜਨਸ ਵਿਵੇਕ ਖੁਰਾਣਾ ਤੇ ਖੇਤਰੀ ਜਨਰਲ ਮੈਨੇਜਰ ਪਰਮੋਦ ਜੋਸ਼ੀ ਹਾਜ਼ਰ ਸਨ। ਮੰਚ ਸੰਚਾਲਨ ਵਧੀਕ ਪ੍ਰਬੰਧ ਨਿਰਦੇਸ਼ਕ (ਬੈਂਕਿੰਗ) ਭੁਪਿੰਦਰ ਸਿੰਘ ਵਲੋਂ ਕੀਤਾ ਗਿਆ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply