ਨਿੱਜੀ ਥਰਮਲਾਂ ਨਾਲ ਹੋਏ ਸਮਝੌਤੇ ਰੱਦ ਕੀਤੇ ਬਿਨਾਂ ਨਹੀਂ ਮਿਲੇਗੀ ਸੱਸਤੀ ਬਿਜਲੀ – ਵਿਧਾਇਕ ਸੰਧਵਾਂ
ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜਦੋਂ ਤੱਕ ਪਿਛਲੀ ਬਾਦਲ ਸਰਕਾਰ ਵਲੋਂ ਨਿੱਜੀ ਥਰਮਲ ਪਲਾਂਟ ਕੰਪਨੀਆਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਨਹੀਂ ਹੋਣਗੇ।ਉਨ੍ਹਾਂ ਚਿਰ ਪੰਜਾਬ ਦੇ ਲੋਕ ਸਸਤੀ ਅਤੇ ਵਾਜ਼ਬ ਦਰਾਂ ‘ਤੇ ਬਿਜਲੀ ਨਹੀਂ ਲੈ ਸਕਣਗੇ।
‘ਆਪ‘ ਵਿਧਾਇਕ ਇਥੇ ਜ਼ਿਲ੍ਹਾ ਕੰਪਲੈਕਸ ‘ਚ ਪਾਰਟੀ ਦਾ ਵਫ਼ਦ ਲੈ ਕੇ ਪੁੱਜੇ ਸਨ। ਵਫ਼ਦ ਨੇ ਹੱਦੋਂ ਮਹਿੰਗੀ ਬਿਜਲੀ ਦੇ ਵਿਰੋਧ ‘ਚ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ (ਆਈ.ਏ.ਐਸ) ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਮੰਗ ਕੀਤੀ ਕਿ ਕਾਂਗਰਸ ਆਪਣੇ ਚੋਣ ਵਾਅਦੇ ਮੁਤਾਬਿਕ ਪੰਜਾਬ ਦੇ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਵੇ ਅਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲ ਸਰਕਾਰ ਦੌਰਾਨ ਹੋਏ ਮਾਰੂ ਪੀ.ਪੀ.ਏਜ਼ ਤੁਰੰਤ ਰੱਦ ਕਰਕੇ ਨਵੇਂ ਸਿਰਿਓਂ ਪੰਜਾਬ ਅਤੇ ਲੋਕ ਹਿੱਤਾਂ ‘ਚ ਜਾਇਜ਼ ਸਮਝੌਤੇ ਕਰੇ।ਵਫ਼ਦ ‘ਚ ਡਾ. ਕੇ.ਜੇ ਸਿੰਘ, ਗੁਰਦਿਆਲ ਸਿੰਘ ਸੈਣੀ, ਭਾਰਤ ਭੂਸ਼ਣ, ਪੀਟਰ ਮਸੀਹ ਚੀਦਾ, ਕਾਕਾ ਸਿੰਘ ਆਦਿ ਸਥਾਨਕ ਆਗੂ ਸ਼ਾਮਲ ਸਨ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਬਾਦਲਾਂ ਵਾਂਗ ਨਿੱਜੀ ਬਿਜਲੀ ਕੰਪਨੀਆਂ ਨਾਲ ਰਲ ਕੇ ਪੰਜਾਬ ਦੇ ਹਰ ਅਮੀਰ-ਗ਼ਰੀਬ ਬਿਜਲੀ ਖੱਪਤਕਾਰ ਨੂੰ ਲੁੱਟਣ ਲੱਗੀ ਹੈ। ਕਾਂਗਰਸ ਸਰਕਾਰ ਨੂੰ ਸੱਤਾ ‘ਚ ਆਉਣ ਤੋਂ ਬਾਅਦ ਇਹ ਵੀ ਨਜ਼ਰ ਆਉਣਾ ਬੰਦ ਹੋ ਗਿਆ ਹੈ ਕਿ ਕਿਸ ਤਰ੍ਹਾਂ ਮਾਰੂ ਅਤੇ ਗ਼ੈਰਜ਼ਰੂਰੀ ਸ਼ਰਤਾਂ ਰਾਹੀਂ ਪ੍ਰਾਈਵੇਟ ਬਿਜਲੀ ਕੰਪਨੀਆਂ ਬਗੈਰ ਇੱਕ ਵੀ ਯੂਨਿਟ ਦਿੱਤੇ ਸਾਲਾਨਾ 2800 ਕਰੋੜ ਰੁਪਏ ਵਸੂਲ ਰਹੀਆਂ ਹਨ, ਜੋ 25 ਸਾਲ ਦੇ ਸਮਝੌਤੇ ਦੌਰਾਨ 70 ਹਜ਼ਾਰ ਕਰੋੜ ਰੁਪਏ ਬਣਦੇ ਹਨ। ਅਜਿਹੇ ਮਾਰੂ ਸਮਝੌਤਿਆਂ ਨੂੰ ਰੱਦ ਕੀਤੇ ਬਿਨਾਂ ਲੋਕਾਂ ਨੂੰ ਸੱਸਤੀ ਬਿਜਲੀ ਸੰਭਵ ਨਹੀਂ।
ਇਸ ਦੇ ਨਾਲ ਹੀ ‘ਆਪ‘ ਵਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਨੇ ਪਠਾਨਕੋਟ ‘ਚ ਦਸਤਕ ਦੇ ਦਿੱਤੀ ਹੈ।ਇਸ ਬਾਰੇ ਪਾਰਟੀ ਨੇ ਕਿਹਾ ਕਿ ਜ਼ਿਲ੍ਹਾ ਵਿੰਗ ਇਸ ਬਿਜਲੀ ਅੰਦੋਲਨ ਨੂੰ ਹਰ ਪਿੰਡ ਗਲੀ-ਮੁਹੱਲੇ ਤੱਕ ਲੈ ਕੇ ਜਾਵੇਗਾ ਅਤੇ ਬਾਦਲਾਂ ਅਤੇ ਕੈਪਟਨ ਦੀ ਪੋਲ ਖੋਲ੍ਹੇਗਾ।
Punjab Post Daily Online Newspaper & Print Media