ਮਹਿੰਗਾਈ ਭੱਤਾ ਤੇ ਹੋਰ ਮੰਗਾਂ ਨਾ ਮੰਨਣ ਦਾ ਰੋਸਾ
ਸਮਰਾਲਾ, 27 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾ ਸੰਘ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ।ਜਿਸ ਵਿੱਚ ਪੰਜਾਬ ਭਰ ਤੋਂ ਯੂਨਿਟਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਬੇਰੁਖੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਆਖਿਆ ਕਿ ਪਿਛਲੇ ਢਾਈ ਸਾਲਾਂ ਦੌਰਾਨ ਬ੍ਰਹਮ ਮਹਿੰਦਰਾ ਜੋ ਉਸ ਸਮੇਂ ਸਿਹਤ ਮੰਤਰੀ ਸਨ ਨਾਲ ਚਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਹੋਈ ਜਿਸ ਵਿੱਚ ਮਹਿੰਗਾਈ ਭੱਤਾ ਕੇਂਦਰੀ ਸਰਕਾਰ ਦੀ ਤਰਜ਼ ਤੇ ਦੇਣ ਦਾ ਇਕਰਾਰ ਕਰਦੇ ਹੋਏ ਬਕਾਇਆਂ ਦਾ ਭੁਗਤਾਨ ਕਰਨ ਦਾ ਵਾਅਦਾ ਕੀਤਾ ਗਿਆ, ਜੋ ਹੁਣ ਤੱਕ ਪੂਰਾ ਨਹੀਂ ਹੋਇਆ। ਹਰਿਆਣਾ ਸਮੇਤ ਹੋਰ ਗੁਆਂਢੀ ਰਾਜਾਂ ਨੇ ਪੈਨਸ਼ਨਰਾਂ ਨਾਲ ਸਬੰਧਤ ਸਾਰੀਆਂ ਮੰਗਾਂ ਮੰਨ ਕੇ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਹਨ। 6ਵਾਂ ਪੰਜਾਬ ਤਨਖਾਹ ਕਮਿਸ਼ਨ ਲਮਕ ਅਵਸਥਾ ਵਿੱਚ ਰੱਖਕੇ ਪੈਨਸ਼ਨਰਾਂ ਨਾਲ ਅਨਿਆਏ ਕੀਤਾ ਜਾ ਰਿਹਾ ਹੈ।
ਪੰਜਾਬ ਸਿਵਲ ਸਕੱਤਰੇਤ ਤੋਂ ਸੇਵਾ ਮੁਕਤ ਮੋਹਣ ਸਿੰਘ ਪ੍ਰਧਾਨ ਮੋਹਾਲੀ, ਡਾ. ਐਨ.ਕੇ. ਕਲਸੀ ਅਤੇ ਜਨਰਲ ਸਕੱਤਰ ਰਣਬੀਰ ਢਿੱਲੋਂ, ਜਗਦੀਸ਼ ਚੰਦਰ ਸੰਗਰੂਰ, ਰੋਪੜ ਤੋਂ ਪ੍ਰਧਾਨ ਅਵਤਾਰ ਸਿੰਘ, ਮਲੇਰ ਕੋਟਲਾ ਤੋਂ ਪ੍ਰਧਾਨ ਜਸਵੰਤ ਸਿੰਘ, ਮਲੌਦ ਤੋਂ ਬਲਦੇਵ ਕ੍ਰਿਸ਼ਨ, ਲੁਧਿਆਣਾ ਤੋਂ ਮਦਨਜੀਤ ਸਿੰਘ, ਪਵਿੱਤਰ ਸਿੰਘ ਅਤੇ ਮਾਛੀਵਾੜਾ ਤੋਂ ਪ੍ਰਧਾਨ ਪ੍ਰੇਮ ਸਿੰਘ ਆਦਿ ਨੇ ਸਰਕਾਰ ਵਿਰੁੱਧ ਗੁੱਸਾ ਜਾਹਿਰ ਕਰਦੇ ਹੋਏ ਆਖਿਆ ਕਿ ਜੇ 31 ਜੁਲਾਈ ਤੋਂ ਪਹਿਲਾਂ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਤਾਂ ਜਲਾਲਾਬਾਦ ਅਤੇ ਫਗਵਾੜਾ ਵਿਖੇ ਜ਼ਿਮਨੀ ਚੋਣਾ ਵਿੱਚ ਧਰਨੇ, ਭੁੱਖ ਹੜਤਾਲਾਂ ਅਤੇ ਰੈਲੀਆਂ ਕਰਕੇ ਇਸ ਬੇ-ਇਮਾਨ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ।ਇਸ ਉਪਰੰਤ ਜੇ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਦੁਬਾਰਾ ਮੀਟਿੰਗ ਕਰਕੇ ਹੋਰ ਥਾਵਾਂ ਤੇ ਸੰਭਾਵਿਤ ਹੋਣ ਵਾਲੀਆਂ ਜ਼ਿਮਨੀ ਚੋਣਾਂ ਭੁਲੱਥ, ਦਾਖਾ, ਮਾਨਸਾ, ਜੈਤੋਂ, ਰੋਪੜ ਅਤੇ ਲਹਿਰਾਗਾਗਾ ਵਿਖੇ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ। 15 ਜੁਲਾਈ ਨੂੰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਹੋਣ ਵਾਲੀ ਮੀਟਿੰਗ ਵਿੱਚ ਸੰਘਰਸ਼ ਸਬੰਧੀ ਮਿਤੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਗੁਲਜ਼ਾਰ ਮੁਹੰਮਦ, ਬੀ.ਆਰ ਗੁਪਤਾ, ਮਾਛੀਵਾੜਾ ਤੋਂ ਫਕੀਰ ਸਿੰਘ ਅਤੇ ਰਾਮ ਸਿੰਘ ਕਾਲੜਾ, ਪ੍ਰੇਮ ਨਾਥ, ਬੀ.ਐਸ ਸੈਣੀ ਰੋਪੜ, ਗੁਰਦੇਵ ਸਿੰਘ ਸੇਵਾ ਮੁਕਤ ਡੀ.ਈ.ਓ, ਕੁਲਵੰਤ ਰਾਏ ਕੈਸ਼ੀਅਰ ਸਮਰਾਲਾ ਆਦਿ ਨੇ ਵੀ ਸ਼ਮੂਲੀਅਤ ਕੀਤੀ।
Punjab Post Daily Online Newspaper & Print Media