Wednesday, March 18, 2026

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲੇ ਤਿੰਨ ਮੰਤਰੀ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਿਲ ਕੇ ਮਨਾਉਣ ਸੰਬੰਧੀ PUNJ2906201916ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਸੁਝਾਅ ਦੇ ਮੱਦੇਨਜ਼ਰ ਅੱਜ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 3 ਕੈਬਨਿਟ ਮੰਤਰੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਮਿਲ ਕੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਵਿਚਾਰ ਚਰਚਾ ਕੀਤੀ।
             ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਾਸਤੇ ਸਾਂਝੇ ਮੰਚ ਬਨਾਉਣ ਲਈ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਨ ਲਈ ਮੰਤਰੀਆਂ ਦਾ ਇਹ ਸਮੂਹ ਬਣਾਇਆ ਗਿਆ ਹੈ।
    ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਮੀਟਿੰਗ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੜੀ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਮਹਾਨ ਪੁਰਬ ਨੂੰ ਇਕੱਠੇ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੱਦੇ ਨੂੰ ਪ੍ਰਵਾਨ ਕੀਤਾ ਹੈ।ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਤੇ ਫਲਸਫੇ ਉਤੇ ਚੱਲਦੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਮਹਾਨ ਪੁਰਬ ਮਨਾਵਾਗੇਂ ਅਤੇ ਇਸ ਵਾਸਤੇ ਵਿਸ਼ਵ ਭਰ ਦੇ ਧਰਮਾਂ ਨੂੰ ਸੱਦਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਅੱਜ ਦੀ ਮੁੱਢਲੀ ਗੱਲਬਾਤ ਵਿੱਚ ਇਹ ਫੈਸਲਾ ਹੋਇਆ ਹੈ ਕਿ ਗੁਰਦੁਆਰਿਆਂ ਦੇ ਅੰਦਰ ਦੇ ਸਾਰੇ ਪ੍ਰਬੰਧ ਸ੍ਰੋਮਣੀ ਕਮੇਟੀ ਕਰੇਗੀ ਅਤੇ ਇਨਾਂ ਦੇ ਚੌਗਿਰਦੇ ਤੋਂ ਬਾਹਰ ਹੋਣ ਵਾਲੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਕਰੇਗੀ।ਉਨਾਂ ਕਿਹਾ ਕਿ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜਨ ਲਈ ਸਰਕਾਰ ਨਾਲ ਮੀਟਿੰਗਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।
         ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰੋਗਰਾਮਾਂ ਦੀ ਰੂਪ ਰੇਖਾ ਬਾਰੇ ਗੱਲ ਹੋਈ। ਮੀਟਿੰਗ ਦੌਰਾਨ ਸ਼ਰਧਾਲੂਆਂ ਦੇ ਆਉਣ-ਜਾਣ ਦੇ ਪ੍ਰਬੰਧ, ਮੁੱਖ ਸਮਾਗਮਾਂ ਦੇ ਗੇਟ ਦੁਆਰ, ਪੰਡਾਲ ਤੇ ਸਟੇਜ, ਸਮਾਗਮ ਦੇ ਨਾਲ ਪ੍ਰਦਰਸ਼ਨੀਆਂ ਆਦਿ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ।ਸੰਗਤਾਂ ਦੇ ਰਹਿਣ ਤੇ ਆਉਣ-ਜਾਣ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੋਈ ਹੈ, ਤਾਂ ਜੋ ਸੰਗਤ ਨੂੰ ਕਿਸੇ ਤਰਾਂ ਦੀ ਦਿੱਕਤ ਨਾ ਆਵੇ। ਉਨਾਂ ਕਿਹਾ ਕਿ ਗੱਲਬਾਤ ਦਾ ਇਹ ਸਿਲਸਿਲਾ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜਰੂਰੀ ਹੈ, ਜੋ ਕਿ ਅੱਗੇ ਵੀ ਜਾਰੀ ਰਹੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ, ਜੋ ਕਿ ਖ਼ੁਦ ਸਮਾਗਮਾਂ ਦੀਆਂ ਤਿਆਰੀਆਂ ਜਾ ਜਾਇਜ਼ਾ ਲੈ ਰਹੇ ਹਨ, ਵੀ ਆਉਣ ਵਾਲੇ ਦਿਨਾਂ ਵਿਚ ਇਸ ਗੱਲਬਾਤ ਵਿਚ ਸ਼ਾਮਿਲ ਹੋਣਗੇ।  
       ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੰਨਾਂ ਸਮਾਗਮਾਂ ਦੀ ਕੀਤੀ ਜਾ ਰਹੀ ਅਗਵਾਈ ਹੇਠ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਉਸ ਨੂੰ ਪੂਰਾ ਕਰਨਗੇ।
        ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਸ੍ਰੋਮਣੀ ਕਮੇਟੀ ਜਥੇਦਾਰ ਤੋਤਾ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਅਮਰਜੀਤ ਸਿੰਘ ਬੰਡਾਲਾ ਸਕੱਤਰ ਸ਼੍ਰੋਮਣੀ ਕਮੇਟੀ ਬਲਵਿੰਦਰ ਸਿੰਘ ਜੌੜਾ ਤੇ ਮਹਿੰਦਰ ਸਿੰਘ ਆਹਲੀ, ਨਿੱਜੀ ਸਕੱਤਰ ਇੰਜੀ ਸੁਖਮਿੰਦਰ ਸਿੰਘ, ਸੈਰ ਸਪਾਟਾ ਵਿਭਾਗ ਦੇ ਜੁਆਇੰਟ ਡਾਇਰੈਕਟਰ ਲਖਮੀਰ ਸਿੰਘ, ਕਾਂਗਰਸ ਦੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਮੈਨਜਰ ਦਰਬਾਰ ਸਿੰਘ ਜਸਵਿੰਦਰ ਸਿੰਘ ਦੀਨਪੁਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply