ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਚ
ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂ ਹੇਠ ਇਸ ਦੇ ਇਤਿਹਾਸ ਅਤੇ ਪੁਰਾਤਨ ਢਾਂਚੇ ਨੂੰ ਖਤਮ ਕਰਨ ਦੀਆਂ ਸਾਮਰਾਜ ਪੱਖੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਜਲ੍ਹਿਆਂਵਾਲਾ ਬਾਗ ਯਾਦਗਾਰੀ ਟਰਸੱਟ ਤੋਂ ਇਸ ਦੀ ਭੰਨ ਤੋੜ ਉਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਸੁਮੀਤ ਸਿੰਘ, ਵਿਦਵਾਨ ਚਿੰਤਕ ਡਾ. ਪਰਮਿੰਦਰ ਸਿੰਘ, ਮੁਖਤਿਆਰ ਗੋਪਾਲਪੁਰਾ, ਧਰਵਿੰਦਰ ਕੋਹਾਲੀ, ਜਸਪਾਲ ਬਾਸਰਕਾ, ਕੁਲਜੀਤ ਵੇਰਕਾ, ਕਾਮਰੇਡ ਅਜੀਤ ਸਿੰਘ, ਮਨਜੀਤ ਬਾਸਰਕੇ, ਬਲਦੇਵ ਰਾਜ ਵੇਰਕਾ, ਦਮਨਜੀਤ ਕੌਰ ਅਤੇ ਹੋਰਨਾਂ ਵਲੋਂ ਜਲ੍ਹਿਆਂਵਾਲਾ ਬਾਗ ਵਿਖੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਨੇ ਇਤਿਹਾਸਕ ਸ਼ਹੀਦੀ ਖੂਹ ਦੇ ਪੁਰਾਤਨ ਸਰੂਪ ਨੂੰ ਢਾਹੁਣ ਦਾ ਸਖ਼ਤ ਵਿਰੋਧ ਕਰਦਿਆਂ ਇਸ ਦੀ ਪੁਰਾਤਨ ਵਿਰਾਸਤੀ ਦਿੱਖ ਅਤੇ ਇਨਕਲਾਬੀ ਇਤਿਹਾਸ ਨੂੰ ਉਸੇ ਰੂਪ ਵਿਚ ਬਹਾਲ ਕਰਨ ਦੀ ਮੰਗ ਕੀਤੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਮਰਾਜੀ ਬਰਤਾਨਵੀ ਹਕੂਮਤ ਵਲੋਂ ਹਜ਼ਾਰਾਂ ਨਿਹੱਥੇ ਅਤੇ ਨਿਰਦੋਸ਼ ਭਾਰਤੀਆਂ ਉਤੇ ਢਾਹੇ ਗਏ ਜਬਰ ਜ਼ੁਲਮ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਜਾਬਰ ਹਕੂਮਤਾਂ ਖਿਲਾਫ ਜਥੇਬੰਦਕ ਅੰਦੋਲਨ ਕਰ ਸਕਣ।
ਤਰਕਸ਼ੀਲ ਆਗੂਆਂ ਨੇ ਸ਼ਹੀਦੀ ਯਾਦਗਾਰ ਦੇ ਦਾਖਲੇ ਲਈ ਸੈਲਾਨੀਆਂ ਉਤੇ ਟਿਕਟ ਲਾਉਣ ਦੇ ਫੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਯਾਦਗਾਰੀ ਟਰਸੱਟ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਨੂੰ ਸਵਾਲ ਕੀਤਾ ਕਿ ਦੇਸ਼ ਦੀ ਆਜ਼ਾਦੀ ਲਈ ਜ਼ਾਲਮ ਬਰਤਾਨਵੀ ਹਕੂਮਤ ਹਥੋਂ ਗੋਲੀਆਂ ਖਾ ਕੇ ਸ਼ਹੀਦ ਹੋਣ ਵਾਲੇ ਹਜ਼ਾਰਾਂ ਜਾਂਬਾਜ਼ ਦੇਸ਼ ਭਗਤ ਯੋਧਿਆਂ ਦੀ ਵਿਰਾਸਤ ਨੂੰ ਸੰਭਾਲਣ ਲਈ ਕੀ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ, ਜਿਸ ਕਰਕੇ ਸਰਕਾਰ ਅਤੇ ਟਰਸੱਟ ਦਾਖਲਾ ਟਿਕਟ ਲਾਉਣਾ ਚਾਹੁੰਦੀ ਹੈ, ਜਦੋਂਕਿ ਗੁਜਰਾਤ ਵਿਚ ਸਰਦਾਰ ਪਟੇਲ ਦੀ ਮੂਰਤੀ ਸਥਾਪਨਾ ਉਤੇ ਮੋਦੀ ਸਰਕਾਰ ਵਲੋਂ 3000 ਕਰੋੜ ਰੁਪਏ ਦੀ ਫਜੂਲ ਖਰਚੀ ਕੀਤੀ ਗਈ ਹੈ। ਉਨ੍ਹਾਂ ਜਲ੍ਹਿਆਂਵਾਲਾ ਬਾਗ ਦੇ ਵਪਾਰੀਕਰਨ ਕਰਨ ਦੀ ਨਿਖੇਧੀ ਕੀਤੀ।
ਰੋਸ ਪ੍ਰਗਟ ਕਰ ਰਹੇ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਇਨਕਲਾਬੀ ਵਿਰਸੇ ਨਾਲ ਜੁੜੀ ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਯਾਦਗਾਰ ਦੇ ਵਿਰਾਸਤੀ ਨਿਸ਼ਾਨ ਮਿਟਾ ਕੇ ਦੇਸ਼ ਦੀ ਮਿਹਨਤਕਸ਼ ਜਮਾਤ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਨਕਲਾਬੀ ਨਾਇਕਾਂ ਅਤੇ ਉਨ੍ਹਾਂ ਦੇ ਕੁਰਬਾਨੀ ਦੇ ਇਤਿਹਾਸ ਦੀ ਜਾਣਕਾਰੀ ਤੋਂ ਮਹਿਰੂਮ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਤਰਕਸ਼ੀਲ ਆਗੂਆਂ ਨੇ ਖਦਸ਼ਾ ਜਾਹਿਰ ਕੀਤਾ ਕਿ ਮੋਦੀ ਸਰਕਾਰ ਆਰ.ਐਸ.ਐਸ ਦੇ ਦਬਾਅ ਹੇਠ ਜਲ੍ਹਿਆਂਵਾਲਾ ਬਾਗ ਦੇ ਇਨਕਲਾਬੀ ਇਤਿਹਾਸ ਅਤੇ ਪੁਰਾਤਨ ਢਾਂਚੇ ਨਾਲ ਛੇੜਛਾੜ ਕਰਕੇ ਇਸ ਦਾ ਭਗਵਾਂਕਰਨ ਕਰ ਸਕਦੀ ਹੈ।ਉਨ੍ਹਾਂ ਜਲਿਆਂਵਾਲਾ ਬਾਗ ਵਿਖੇ ਸੁਰੱਖਿਆ ਬਲਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਨਾਲ ਜਲਿਆਂਵਾਲਾ ਬਾਗ ਵੀ ਵਾਹਗਾ ਬਾਰਡਰ ਪਰੇਡ ਵਾਂਗ ਅੰਧ ਰਾਸ਼ਟਰਵਾਦ ਅਤੇ ਫਿਰਕੂ ਨਫਰਤ ਫੈਲਾਉਣ ਅਤੇ ਮਨੋਰੰਜਨ ਕਰਨ ਦਾ ਸਥਾਨ ਬਣਾ ਦਿੱਤਾ ਜਾਵੇਗਾ।
ਤਰਕਸ਼ੀਲ ਆਗੂਆਂ ਨੇ ਪੰਜਾਬ ਦੇ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਕਲਾਕਾਰਾਂ, ਮੁਲਾਜ਼ਮਾਂ, ਲੇਖਕਾਂ, ਜਮਹੂਰੀ ਅਧਿਕਾਰ ਕਾਰਕੁੰਨਾਂ ਅਤੇ ਆਜਾਦੀ ਘੁਲਾਟੀਆਂ ਨਾਲ ਸਬੰਧਤ ਸਮੂਹ ਇਨਸਾਫਪਸੰਦ ਜਮਹੂਰੀ ਅਤੇ ਪ੍ਰਗਤੀਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਅਤੇ ਵਿਰਾਸਤੀ ਢਾਂਚੇ ਨਾਲ ਕੀਤੀ ਜਾ ਰਹੀ ਭੰਨਤੋੜ ਉਤੇ ਤੁਰੰਤ ਰੋਕ ਲਵਾਉਣ ਲਈ ਜਥੇਬੰਦਕ ਹੋ ਕੇ ਇਸ ਦਾ ਹਰ ਪੱਧਰ ’ਤੇ ਡਟਵਾਂ ਵਿਰੋਧ ਪ੍ਰਗਟ ਕਰਨ।ਆਗੂਆਂ ਵਲੋਂ ਤਖਤੀਆਂ ਉਤੇ ਲਿਖੇ ਨਾਅਰਿਆਂ ‘ਦਾਖਲਾ ਟਿਕਟ ਲਾ ਕੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਨਿਰਾਦਰ ਨਾ ਕਰੋ’, ‘ਜਲ੍ਹਿਆਂਵਾਲਾ ਬਾਗ ਦੇ ਪੁਰਾਤਨ ਢਾਂਚੇ ਨਾਲ ਛੇੜਛਾੜ ਬੰਦ ਕਰੋਂ’, ‘ਜਲ੍ਹਿਆਂਵਾਲਾ ਬਾਗ ਨੂੰ ਪਿਕਨਿਕ ਦਾ ਸਥਾਨ ਨਾ ਬਣਾਓ’ ਰਾਹੀਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਲ੍ਹਿਆਂਵਾਲਾ ਬਾਗ ਦੀ ਸਾਂਭ-ਸੰਭਾਲ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਯੋਗ ਫੰਡਾਂ ਦਾ ਪ੍ਰਬੰਧ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਆਗੂ ਰਾਜ ਕੁਮਾਰ ਵੇਰਕਾ, ਧਰਵਿੰਦਰ ਕੋਹਾਲੀ, ਨਾਗਰ ਮਲ, ਬਲਦੇਵ ਸਿੰਘ, ਅਰੂੜ ਚੰਦ, ਨਰਿੰਦਰ ਤੇੜਾ ਅਤੇ ਹਰੀਸ਼ ਕੱਲਾ ਆਦਿ ਨੇ ਸ਼ਮੂਲੀਅਤ ਕੀਤੀ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media