ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰ) – ਚੀਫ਼ ਖਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ
ਸਕੂਲ ਜੀ.ਟੀ ਰੋਡ ਵਿਖੇ 8 ਤੋਂ 12 ਜੁਲਾਈ ਤੱਕ ਸਮਾਜਿਕ ਵਿਗਿਆਨ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਡਾ: ਜਸਵਿੰਦਰ ਸਿੰਘ ਢਿੱਲੋਂ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ਿਆਂ `ਤੇ ੳਰੀਐਂਟਲ ਪ੍ਰੋਗਰਾਮ ਤਹਿਤ ਅਧਿਆਪਕਾਂ ਲਈ ਸੈਮੀਨਾਰਾਂ ਦਾ ਆਯੋਜਨ ਕਰਵਾਇਆ ਗਿਆ।
ਸ੍ਰੀਮਤੀ ਸ਼ਬਨਮ ਸ਼ਰਮਾ ਪ੍ਰਿੰਸੀਪਲ ਡੀ.ਡੀ ਆਈ ਸਕੂਲ, ਡਾ. ਜੋਗਿੰਦਰ ਸਿੰਘ ਅਰੋੜਾ ਡੀਨ ਅਤੇ ਮੁੱਖੀ ਕਾਮਰਸ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ, ਮਿਸ ਰਣਜੀਤ ਭਾਟੀਆ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ, ਸ੍ਰੀਮਤੀ ਰੀਪੂ ਦਮਨ ਮਲਹੋਤਰਾ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਅਤੇ ਜੀ.ਟੀ ਰੋਡ ਅਧਿਆਪਕ ਸ੍ਰੀਮਤੀ ਤਰਨਜੀਤ ਕੌਰ, ਸ੍ਰੀਮਤੀ ਗੁਰਸ਼ਰਨ ਕੌਰ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਜਤਿੰਦਰ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ।ਜੀ.ਟੀ ਰੋਡ ਸਕੂਲ ਦੇ ਸੀਨੀਅਰ ਵਿੰਗ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ ਦੀ ਦੇਖ-ਰੇਖ ਵਿੱਚ ਹੋਏ ਸੈਮੀਨਾਰ `ਚ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 43 ਅਧਿਆਪਕਾਂ ਨੇ ਭਾਗ ਲਿਆ।ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਮਾਜਿਕ ਵਿਸ਼ੇ ਦੀਆਂ ਬਰੀਕੀਆਂ ਅਤੇ ਆਧੁਨਿਕ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਸੀ।ਇਹ ਵਿਸ਼ਾ ਅਰਥ ਸ਼ਾਸਤਰ, ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਸਮੇਤ ਸਾਰੇ ਵਿਸ਼ਿਆਂ ਦਾ ਸੁਮੇਲ ਹੈ।ਚਾਰ ਦਿਨ ਚੱਲੇ ਇਸ ਪ੍ਰੋਗਰਾਮ ਵਿੱਚ ਕਿਸ਼ੋਰ ਅਵਸਥਾ ਦੀਆਂ ਮੁਸ਼ਕਲਾਂ, ਕੈਰੀਅਰ ਕਾਊਸਲਿੰਗ, ਅਧਿਆਪਕਾਂ ਦੁਆਰਾ ਤਕਨਾਲੋਜੀ ਦੀ ਵਰਤੋਂ, ਚੰਗੇ ਅਧਿਆਪਕ ਦੇ ਗੁਣਾਂ ਆਦਿ ਵਿਸ਼ਿਆਂ `ਤੇ ਵਿਸਥਾਰ ਸਹਿਤ ਵਿਚਾਰ ਵਟਾਦਰਾਂ ਕੀਤਾ ਗਿਆ।ਇਸ ਦੌਰਾਨ ਅਧਿਆਪਕਾਂ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆਂ ਰਾਹੀਂ ਜਿਵੇਂ ਨਕਸ਼ਾ ਭਰਨਾ, ਪ੍ਰਸ਼ਨ ਪੱਤਰ ਤਿਆਰ ਕਰਨਾ, ਅਸਾਈਨਮੈਂਟ ਤਿਆਰ ਕਰਨੀਆਂ ਅਤੇ ਪ੍ਰਸ਼ਨ ਕਾਪੀਆਂ ਦਾ ਮੁਲਾਂਕਣ ਕਰਨ ਦਾ ਵੀ ਅਭਿਆਸ ਕੀਤਾ ਅਤੇ ਬਰੀਕੀਆਂ ਤੋਂ ਜਾਣੂ ਕਰਵਾਇਆ।
ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ ਨੇ ਅਧਿਆਪਕਾਂ ਦੀ ਵਿਦਿਆਰਥੀ ਜੀਵਨ ਵਿੱਚ ਭੂਮਿਕਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅਧਿਆਪਕ ਬੱਚਿਆਂ ਦੇ ਮਾਂ-ਬਾਪ ਵਾਂਗ ਹੁੰਦੇ ਹਨ।ਸਕੂਲ ਦੇ ਮੈਂਬਰ ਇੰਚਾਰਜ ਹਰੀ ਸਿੰਘ ਨੇ ਮੈਨੇਜਮੈਂਟ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਸਕੂਲ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਅਧਿਆਪਕਾਂ ਵੱਲੋਂ ਪਾਏ ਯੋਗਦਾਨ ਦੀ ਪ੍ਰੰਸ਼ਸਾ ਕੀਤੀ ਅਤੇ ਭਵਿੱਖ ਵਿੱਚ ਸਿੱਖਿਆ ਦੇ ਖੇਤਰ `ਚ ਵਧੀਆ ਤਬਦੀਲੀਆਂ ਲਈ ਇਹੋ ਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਕੀਤਾ।
ਸੈਮੀਨਾਰ ਵਿੱਚ ਭਾਗ ਲੈਣ ਵਾਲੇ ਮੁੱਖ ਬੁਲਾਰਿਆਂ ਨੂੰ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਵਿਸ਼ੇਸ਼ ਰੂਪ `ਚ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media