ਚੰਡੀਗੜ/ਐਸ.ਏ.ਐਸ ਨਗਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਖਰੜ ਵਿਧਾਨ ਸਭਾ ਹਲਕੇ ਵਿੱਚ ਕੁਰਾਲੀ
ਨੇੜੇ ਸਥਿਤ ਚਨਾਲੋਂ ਸਨਅਤੀ ਫੋਕਲ ਪੁਆਇੰਟ ਵਿਖੇ ਪਾਣੀ ਦੇ ਨਿਕਾਸ ਪ੍ਰਬੰਧਾਂ ਅਤੇ ਸੜਕਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੱਸਿਆ ਕਿ ਉਨਾਂ ਸਮੇਤ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿੱਚ ਉਦਯੋਗਪਤੀਆਂ ਦੇ ਵਫ਼ਦ ਨੇ ਸ਼ਨੀਵਾਰ ਨੂੰ ਉਦਯੋਗਿਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ।
ਤਿਵਾੜੀ ਨੇ ਦੱਸਿਆ ਕਿ ਉਨਾਂ ਨੇ ਚਨਾਲੋਂ ਸਨਅਤੀ ਪੁਆਇੰਟ ਦੀ ਖਸਤਾ ਹਾਲਤ ਬਾਰੇ ਵਧੀਕ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ। ਉਨਾਂ ਕਿਹਾ ਕਿ ਉਕਤ ਫੋਕਲ ਪੁਆਇੰਟ ਵਿਖੇ ਸੜਕਾਂ ਅਤੇ ਪਾਣੀ ਦੇ ਨਿਕਾਸ ਪ੍ਰਬੰਧਾਂ ਦੀ ਹਾਲਤ ਕਾਫ਼ੀ ਤਰਸਯੋਗ ਹੈ। ਉਨਾਂ ਦੱਸਿਆ ਕਿ ਵਧੀਕ ਮੁੱਖ ਸਕੱਤਰ ਨੇ ਪਾਣੀ ਦੇ ਨਿਕਾਸ ਪ੍ਰਬੰਧਾਂ ਅਤੇ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਜਾਰੀ ਕਰਨ ਦੀ ਪੇਸ਼ਕਸ਼ ਕੀਤੀ ਹੈ।ਤਿਵਾੜੀ ਨੇ ਦੱਸਿਆ ਕਿ ਇਹ ਸਹਿਮਤੀ ਵੀ ਬਣੀ ਹੈ ਕਿ ਇੱਥੇ ਦਫ਼ਤਰ ਦੇ ਨਿਰਮਾਣ ਲਈ ਉਦਯੋਗਿਕ ਐਸੋਸੀਏਸ਼ਨ ਨੂੰ ਰਾਖਵੀਂ ਕੀਮਤ `ਤੇ ਪਲਾਟ ਅਲਾਟ ਕੀਤਾ ਜਾਵੇਗਾ।
ਸਰਕਾਰ ਇਸ ਫੋਕਲ ਪੁਆਇੰਟ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਗਰੁੱਪ ਹਾਊਸਿੰਗ ਸਕੀਮ ਤਹਿਤ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ `ਤੇ ਵੀ ਵਿਚਾਰ ਕਰੇਗੀ।ਵਿਭਾਗ ਉਨਾਂ ਪਲਾਟ ਮਾਲਕਾਂ ਨੂੰ ਵੀ ਨੋਟਿਸ ਜਾਰੀ ਕਰੇਗਾ ਜਿਨਾਂ ਨੇ ਪਲਾਟ ਦੀ ਅਲਾਟਮੈਂਟ ਤੋਂ ਲੈ ਕੇ ਹੁਣ ਤੱਕ ਕੋਈ ਇੰਡਸਟਰੀ ਵਿਕਸਿਤ ਨਹੀਂ ਕੀਤੀ।
ਤਿਵਾੜੀ ਨੇ ਸਥਾਨਕ ਇੰਡਸਟਰੀ ਦੀਆਂ ਮੰਗਾਂ ਮੰਨਣ ਲਈ ਵਿਭਾਗ ਦਾ ਧੰਨਵਾਦ ਕੀਤਾ।ਉਨਾਂ ਕਿਹਾ ਇਸ ਖੇਤਰ ਵਿੱਚ ਵੱਧ ਤੋਂ ਵੱਧ ਉੱਦਮਾਂ ਦੀ ਸੁਰਜੀਤੀ ਅਤੇ ਸੁਧਾਰ ਉਨਾਂ ਦੀ ਪ੍ਰਮੁੱਖ ਤਰਜੀਹ ਹੈ ਕਿਉਂਜੋ ਇਸ ਨਾਲ ਮਾਲੀਆ ਅਤੇ ਨੌਕਰੀਆਂ ਦੇ ਵਸੀਲੇ ਪੈਦਾ ਹੋਣਗੇ।ਉਹ ਮੌਜੂਦਾ ਉਦਯੋਗਾਂ ਦੀ ਮਜ਼ਬੂਤੀ ਅਤੇ ਇਨਾਂ ਲਈ ਸਾਰੀਆਂ ਢੱਕਵੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਤਾਜ਼ਾ ਨਿਵੇਸ਼ ਨੂੰ ਵੀ ਉਤਸ਼ਾਹਿਤ ਕਰਨਗੇ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਉਦਯੋਗਾਂ ਦੀ ਸੁਰਜੀਤੀ ਲਈ ਕਾਫ਼ੀ ਉਤਸੁਕ ਹਨ ਅਤੇ ਇਸ ਉਦੇਸ਼ ਲਈ ਉਹ ਪੂਰਾ ਸਮਰਥਨ ਵੀ ਦੇ ਰਹੇ ਹਨ।
ਤਿਵਾੜੀ ਨਾਲ ਸ੍ਰੀ ਜਗਮੋਹਨ ਸਿੰਘ ਕੰਗ ਤੋਂ ਇਲਾਵਾ ਯੂਥ ਕਾਂਗਰਸ ਆਗੂ ਯਾਦਵਿੰਦਰ ਕੰਗ, ਯੋਗੇਸ਼ ਸਾਗਰ ਅਤੇ ਉਦਯੋਗਿਕ ਖੇਤਰ ਦੇ ਹੋਰ ਨੁਮਾਇੰਦੇ ਮੌਜੂਦ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media