ਕਿਹਾ ਸਮਰੱਥ ਅਧਿਕਾਰੀ, ਸੰਸਥਾਵਾਂ ਤੇ ਹਸਪਤਾਲ ਕੀਤੇ ਨਾਮਜ਼ਦ
ਚੰਡੀਗੜ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਯੋਗ ਲਾਭ ਪਾਤਰੀਆਂ ਨੂੰ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਦਿਆਂ
ਪੰਜਾਬ ਸਰਕਾਰ ਵੱਲੋਂ ਸਮਰੱਥ ਅਧਿਕਾਰੀਆਂ, ਸੰਸਥਾਵਾਂ/ਹਸਪਤਾਲਾਂ ਨੂੰ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਲਈ ਨਾਮਜਦ ਕੀਤਾ ਗਿਆ ਹੈ ਤਾਂ ਜੋ ਲਾਭਪਾਤਰੀ ਨੂੰ ਸਮੇਂ ਸਿਰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਸੂਬਾ ਸਰਕਾਰ ਨੇ ਸੰਸਥਾਵਾਂ/ ਹਸਪਤਾਲਾਂ ਅਤੇ ਸਮਰੱਥ ਅਧਿਕਾਰੀਆਂ ਨੂੰ ਨਾਮਜਦ ਕੀਤਾ ਹੈ ਤਾਂ ਜੋ ਯੋਗ ਲਾਭ ਪਾਤਰੀਆਂ ਨੂੰ ਸਮਾਂਬੱਧ ਢੰਗ ਨਾਲ ਉਕਤ ਸਰਟੀਫੀਕੇਟ ਜਾਰੀ ਕੀਤੇ ਜਾ ਸਕਣ। ਉਨਾਂ ਕਿਹਾ ਕਿ ਇਸ ਸਬੰਧੀ ਸਿਵਲ ਸਰਜਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿਉਂ ਜੋ ਸਿਵਲ ਸਰਜ਼ਨ, ਜ਼ਿਲਾ ਪੱਧਰ `ਤੇ ਬੋਰਡ ਦਾ ਮੁੱਖੀ ਹੁੰਦਾ ਹੈ ਅਤੇ 19 ਮਾਰਚ, 2017 ਤੋਂ ਅਮਲ ਵਿੱਚ ਆਏ `ਰਾਈਟ ਆਫ ਪਰਸਨ ਵਿਦ ਡਿਸਅਬਿਲਟੀ 2016 (ਆਰ.ਪੀ.ਡਬਲਿਊ.ਡੀ-2016) ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ।
ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਬੋਰਡ ਦੀ ਇਕੱਤਰਤਾ ਨੂੰ ਯਕੀਨੀ ਬਣਾਉਣ ਤਾਂ ਜੋ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਸਬੰਧੀ ਸਾਰੇ ਲੰਬਿਤ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ। ਉਨਾਂ ਕਿਹਾ ਕਿ ਆਪਣੀ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਜਾਂ ਸਰਟੀਫੀਕੇਟ ਜਾਰੀ ਕਰਨ ਪ੍ਰਕਿਰਿਆ ਵਿੱਚ ਬਿਨਾਂ ਕਿਸੇ ਠੋਸ ਕਾਰਨ ਤੋਂ ਦੇਰੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਤੁਰਨ-ਫਿਰਨ ਵਿੱਚ ਅਪੰਗਤਾ ਜਿਵੇਂ ਅੰਗਾਂ, ਰੀੜ ਦੀ ਹੱਡੀ, ਪੈਰਾਂ ਦੇ ਟੇਢੇਪਨ ਆਦਿ ਦੀ ਸਥਾਈ ਅਪੰਗਤਾ, ਵਾਲੇ ਵਿਅਕਤੀਆਂ ਨੂੰ ਸਾਰੇ ਜ਼ਿਲਿਆਂ ਅਤੇ ਸਬ-ਡਵੀਜਨਲ ਹਸਪਤਾਲਾਂ ਤੋਂ ਸਰਟੀਫੀਕੇਟ ਜਾਰੀ ਕੀਤੇ ਜਾਣਗੇ।
ਇਸੇ ਤਰਾਂ ਗੰਭੀਰ ਦਿਮਾਗੀ ਬਿਮਾਰੀਆਂ ਕਰਕੇ ਹੋਈ ਅਪੰਗਤਾ, ਰੀੜ ਦੀ ਹੱਡੀ ਦੀ ਸੱਟ, ਐਸਿਡ ਅਟੈਕ ਪੀੜਤਾਂ, ਅਧਰੰਗ ਤੋਂ ਪ੍ਰਭਾਵਿਤ ਵਿਅਕਤੀਆਂ, ਕੋਹੜ ਤੋਂ ਪੀੜਤ ਵਿਅਕਤੀਆਂ, ਬੌਣਾਪਨ ਜਾਂ ਪੱਠਿਆਂ ਦੀ ਕਮਜ਼ੋਰੀ ਦੇ ਸ਼ਿਕਾਰ ਵਿਅਕਤੀ ਸਾਰੇ ਜ਼ਿਲਾ ਹਸਪਤਾਲਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਤੋਂ ਸਰਟੀਫੀਕੇਟ ਪ੍ਰਾਪਤ ਕਰ ਸਕਣਗੇ ਜਿਥੇ ਕਿ ਹੱਡੀਆਂ, ਮੈਡੀਕਲ, ਚਮੜੀ ਰੋਗਾਂ ਦੇ ਮਾਹਿਰ ਡਾਕਟਰ ਮੌਜੂਦ ਹਨ।
ਉਨਾਂ ਅੱਗੇ ਦੱਸਿਆ ਕਿ ਅੱਖਾਂ ਦੀ ਅਪੰਗਤਾ ਵਾਲੇ ਵਿਅਕਤੀ ਸਾਰੇ ਜ਼ਿਲਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਵਿਖੇ ਤਾਇਨਾਤ ਅੱਖਾਂ ਦੇ ਮਾਹਰਾਂ ਤੋਂ ਸਰਟੀਫੀਕੇਟ ਪ੍ਰਾਪਤ ਕਰ ਸਕਣਗੇ।ਇਸੇ ਤਰਾਂ ਸੁਣਨ, ਬੋਲਣ ਤੇ ਭਾਸ਼ਾਈ ਅਪੰਗਤਾ ਵਾਲੇ ਵਿਅਕਤੀਆਂ ਨੂੰ ਸਰਟੀਫੀਕੇਟ ਜਾਰੀ ਕਰਨ ਲਈ ਸਿਵਲ ਸਰਜਨ ਵੱਲੋਂ ਚੁਣਿਆ ਇੱਕ ਈ.ਐਨ.ਟੀ ਮਾਹਰ, 1 ਆਡੀਓਲੋਜਿਸਟ/ ਸਪੀਚ ਲੈਂਗੁਏਜ ਥੈਰਪਿਸਟ ਬੋਰਡ ਵਿੱਚ ਸ਼ਾਮਲ ਹੋਵੇਗਾ।
ਇਸੇ ਤਰਾਂ ਸੂਝ-ਬੂਝ ਸਬੰਧੀ ਅਪੰਗਤਾ, ਸਿੱਖਣ ਸਬੰਧੀ ਵਿਸ਼ੇਸ਼ ਅਪੰਗਤਾ ਲਈ ਵੀ ਸਾਰੇ ਜ਼ਿਲਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਦੇ ਪੀਡੀਆਟ੍ਰਿਕਸ ਨਿਉਰੋਲਾਜਿਸਟ/ ਮਨੋਵਿਗਿਆਨਕ ਮਾਹਰ, ਕਲੀਨੀਕਲ ਜਾਂ ਮੁੜ-ਵਸੇਬਾ ਸਾਈਕਾਲੋਜਿਸਟ ਤੇ ਸਾਈਕਾਟ੍ਰਿਸਟ ਵਰਗੇ ਮਾਹਰ ਸਰਟੀਫੀਕੇਟ ਦੇਣ ਲਈ ਬੋਰਡ ਵਿੱਚ ਮੌਜੂਦ ਰਹਿਣਗੇ।
ਦਿਮਾਗੀ ਪਰੇਸ਼ਾਨੀ ਦੇ ਪੀੜਤਾਂ ਨੂੰ ਸਰਟੀਫੀਕੇਟ ਜਾਰੀ ਕਰਨ ਲਈ ਕਲੀਨੀਕਲ ਅਸੈਸਮੈਂਟ ਦੇ ਸਾਈਕਾਟ੍ਰਿਸਟ ਮਾਹਰ ਅਤੇ ਮਨੋ-ਰੋਗ ਮਾਹਰ ਸਮਰੱਥ ਹੋਣਗੇ।
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗੰਭੀਰ ਦਿਮਾਗੀ ਬਿਮਾਰੀਆਂ (ਮਲਟੀਪਲ ਸਕਿਲਰੋਸਿਸ ਆਦਿ) ਵਾਲੇ ਅਪੰਗ ਵਿਅਕਤੀਆਂ, ਖੂਨ ਵਿੱਚ ਖਰਾਬੀ ਜਾਂ ਬਹਤੀਆਂ ਅਪੰਗਤਾਵਾਂ ਵਾਲੇ ਵਿਅਕਤੀ ਜ਼ਿਲਾ ਹਸਪਤਾਲਾਂ ਦੇ ਸਬੰਧਤ ਮਾਹਰਾਂ ਪਾਸੋਂ ਸਰਟੀਫੀਕੇਟ ਹਾਸਲ ਕਰ ਸਕਣਗੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media