Wednesday, December 25, 2024

ਡੀ.ਸੀ ਅਤੇ ਐਸ.ਐਸ.ਪੀ ਨੇ ਮੂਨਕ ਦੇ ਪਿੰਡ ਫੂਲਦ ਕੋਲ ਘੱਗਰ ਦੇ ਬੰਨ੍ਹ ’ਚ ਪਏ ਪਾੜ ਦਾ ਲਿਆ ਜਾਇਜ਼ਾ

ਜ਼ਿਲ੍ਹਾ ਪ੍ਰਸਾਸ਼ਨ ਨੇ ਮਹੀਨੇ ਦੇ ਪਹਿਲੇ ਹਫ਼ਤੇ ਦੋ ਵਾਰ ਫੌਜ ਦੇ ਅਧਿਕਾਰੀਆਂ ਸਮੇਤ ਘੱਗਰ ਨੇੜੇ ਕੀਤਾ ਸੀ ਸਾਂਝਾ ਅਭਿਆਸ
ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਦੇ ਬੰਨ੍ਹ ਵਿੱਚ ਕਰੀਬ 25 ਫੁੱਟ ਦਾ ਪਾੜ ਪੈਣ ਦਾ PUNJ1907201908ਮਾਮਲਾ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਵੱਲੋਂ ਤੁਰੰਤ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
  ਇਸ ਦੌਰਾਨ ਡਿਪਟੀ ਕਮਿਸ਼ਨਰ ਥੋਰੀ ਨੇ ਪਿੰਡ ਫੂਲਦ ਸਮੇਤ ਹੋਰ ਪਿੰਡਾਂ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਾੜ ਨੂੰ ਛੇਤੀ ਹੀ ਬੰਦ ਕਰਵਾ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਭਾਵੀ ਹੜ੍ਹਾਂ ਨਾਲ ਸਬੰਧਤ ਹਰੇਕ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਗੁਆਂਢੀ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟ ਗਿਆ ਹੈ ਪਰ ਫਿਰ ਵੀ ਜ਼ਿਲ੍ਹਾ ਸੰਗਰੂਰ ਵਿੱਚ ਚੌਕਸੀ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਲੋੜ ਮੁਤਾਬਕ ਰਾਹਤ ਸਮੱਗਰੀ ਰੇਤੇ ਦੀਆਂ ਭਰੀਆਂ ਤੇ ਖਾਲੀ ਬੋਰੀਆਂ, ਰੱਸੀਆਂ, ਤਾਰਾਂ, ਜਾਲੀਆਂ ਆਦਿ ਦਾ ਲੋੜ ਮੁਤਾਬਕ ਪ੍ਰਬੰਧ ਕਰਵਾ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਪਾੜ ਦਾ ਪਤਾ ਲੱਗਿਆ ਸੀ ਤਾਂ ਤੁਰੰਤ ਐਨ.ਡੀ.ਆਰ.ਐਫ ਦੀ ਸੱਤਵੀਂ ਬਟਾਲੀਅਨ ਅਤੇ ਐਸ.ਡੀ.ਆਰ.ਐਫ਼ ਦੀ 80ਵੀਂ ਬਟਾਲੀਅਨ ਨਾਲ ਰਾਬਤਾ ਕਰਕੇ ਟੀਮਾਂ ਦੀ ਮੰਗ ਕੀਤੀ ਗਈ ਜੋ ਕਿ ਮੌਕੇ ’ਤੇ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਸੰਕਟ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਨਾਲ ਫੌਜ ਦੇ ਜਵਾਨ ਵੀ ਕਾਰਜਸ਼ੀਲ ਹਨ।ਥੋਰੀ ਅਤੇ ਐਸ.ਐਸ.ਪੀ ਨੇ ਮੋਟਰ ਸਾਇਕਲ ’ਤੇ ਜਾ ਕੇ ਘੱਗਰ ਦੇ ਨਾਲ ਲੱਗਦੇ ਕੱਚੇ ਰਾਹਾਂ ’ਤੇ ਵੀ ਸਥਿਤੀ ਦਾ ਨੇੜਿਓਂ ਸਰਵੇਖਣ ਕੀਤਾ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੀ ਸੁਰੱਖਿਆ, ਜਾਇਦਾਦ ਅਤੇ ਪਸ਼ੂ ਧੰਨ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਦੇ ਵੀ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਖਨੌਰੀ ਵਿਖੇ ਸਥਾਪਤ ਕੀਤੇ ਫਲੱਡ ਕੰਟਰੋਲ ਰੂਮ ’ਚ ਤਾਇਨਾਤ ਅਮਲੇ ਨੂੰ ਸਟੇਟ ਫਲੱਡ ਕੰਟਰੋਲ ਰੂਮ ਨਾਲ ਲਗਾਤਾਰ ਰਾਬਤਾ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸੂਚਨਾ ਅਤੇ ਤੇਜ਼ੀ ਨਾਲ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਅਤੇ ਐਨ.ਡੀ.ਆਰ.ਐਫ਼ ਦੇ ਉਚ ਅਧਿਕਾਰੀਆਂ ਨਾਲ ਵੀ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ ਅਤੇ ਘੱਗਰ ਨੇੜਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਪਾੜ ਜਾਂ ਖੱਡ ਬਾਰੇ ਸੂਚਨਾ ਮਿਲਣ ’ਤੇ  ਤੁਰੰਤ ਬੰਦ ਕਰਵਾਉਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।ਥੋਰੀ ਨੇ ਦੱਸਿਆ ਕਿ ਬੀਤੀ 1 ਜੁਲਾਈ ਨੂੰ ਖਨੌਰੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਦੇ 3 ਗਾਰਡਜ਼ ਯੂਨਿਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੀ ਸਥਿਤੀ ਬਾਰੇ ਅਗੇਤੇ ਤੌਰ ’ਤੇ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ 6 ਜੁਲਾਈ ਨੂੰ ਘੱਗਰ ਵਿੱਚ ਕਿਸੇ ਵੀ ਸੰਭਾਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਫੌਜ ਦੀ ਟੀਮ ਸਮੇਤ ਮੌਕ ਡਰਿੱਲ ਕਰਵਾਈ ਗਈ ਸੀ।
    ਥੋਰੀ ਨੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟੇਰਟ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੀਆਂ ਸਬ ਡਵੀਜ਼ਨਾਂ ਵਿੱਚ ਆਉਂਦੇ ਬਰਸਾਤੀ ਨਾਲਿਆਂ, ਚੋਆਂ ਆਦਿ ’ਤੇ ਤਿੱਖੀ ਨਜ਼ਰ ਰੱਖਣ ਅਤੇ ਕਿਸੇ ਵੀ ਸੰਕਟ ਦੀ ਸਥਿਤੀ ਬਾਰੇ ਤੁਰੰਤ ਜਾਣੂ ਕਰਵਾਇਆ ਜਾਵੇ। ਇਸ ਦੌਰਾਨ ਐਸ.ਡੀ.ਐਮ ਮੂਨਕ ਸੂਬਾ ਸਿੰਘ, ਚੀਫ ਇੰਜੀਨੀਅਰ ਡਰੇਨਜ਼ ਵਿਨੋਦ ਗੁਪਤਾ, ਐਸ.ਈ ਦਵਿੰਦਰ ਸਿੰਘ, ਐਕਸੀਅਨ ਡਰੇਨੇਜ਼ ਕੁਲਜੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਵਿਪਨ ਬਾਂਸਲ, ਡੀ.ਐਸ.ਪੀ ਬੂਟਾ ਸਿੰਘ ਸਮੇਤ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।     
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply