ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਮਨੁੱਖਤਾ ਦੇ ਭਲੇ ਲਈ ਇਕ ਵਾਰ ਫਿਰ ਅੱਗੇ ਆਈ ਹੈ। ਘੱਗਰ
ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤਾਂ ਦੀ ਸੇਵਾ ’ਚ ਕਾਰਜਸ਼ੀਲ ਲੋਕਾਂ ਅਤੇ ਪਾਣੀ ਤੋਂ ਪ੍ਰਭਾਵਿਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਵਿਵਸਥਾ ਦੇ ਰੂਪ ਵਿਚ ਪਹਿਲ ਕੀਤੀ ਗਈ ਹੈ।ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਪਟਿਆਲਾ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਵੀ ਸਾਰ ਲਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੇਵਾਵਾਂ ਆਰੰਭੀਆਂ ਗਈਆਂ ਹਨ।ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਘੱਗਰ ਦਰਿਆ ਦਾ ਟੁੱਟਿਆ ਹੋਇਆ ਬੰਨ੍ਹ ਮੁੜ ਸਥਾਪਤ ਕਰਨ ਲਈ ਯਤਨਸ਼ੀਲ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਅਤੇ ਗੁਰਦੁਆਰਾ ਮਕੋਰੜ ਸਾਹਿਬ ਤੋਂ ਲੰਗਰ ਸੇਵਾ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਣੀ ਤੋਂ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਰੱਖਦੀ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਦੇ ਸਟਾਫ਼ ਨੂੰ ਲੰਗਰ ਸੇਵਾ ਲਈ ਘੱਗਰ ਦਾ ਬੰਨ੍ਹ ਮੁੜ ਬੰਨ੍ਹਣ ਵਿਚ ਯਤਨ ਕਰ ਰਹੇ ਲੋਕਾਂ ਨੂੰ ਲੰਗਰ ਸੇਵਾ ਦੇਣ ਲਈ ਭੇਜਿਆ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਪਟਿਆਲਾ ਵਿਚ ਵੀ ਪਾਣੀ ਤੋਂ ਪ੍ਰਭਾਵਿਤ ਬਸਤੀਆਂ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਲੰਗਰ ਸੇਵਾ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਦੀ ਤਰ੍ਹਾਂ ਮਨੁੱਖੀ ਭਲਾਈ ਲਈ ਸੇਵਾ ਦੇ ਰਹੀ ਹੈ ਅਤੇ ਸਮਾਜ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media