ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ
ਖ਼ਾਲਸਾ ਹਾਕੀ ਅਕਾਦਮੀ (ਲੜਕੀਆਂ) ਦੀਆਂ 7 ਖਿਡਾਰਣਾਂ ਨੂੰ ਖੇਡਾਂ ’ਚ ਸ਼ਾਨਦਾਰ ਗਤੀਵਿਧੀਆਂ ਕਰਕੇ ਭਾਰਤ ਦੀ ਸਰਵਉਚਤਮ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ, ਨਵੀਂ ਦਿੱਲੀ ਵਲੋਂ ਵਜ਼ੀਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਜੂਨੀਅਰ, ਸੀਨੀਅਰ ਅਤੇ ਖੇਲੋ ਇੰਡੀਆ ਤੋਂ ਇਲਾਵਾ ਨਾਮਵਰ ਰਾਜਾਂ ’ਚ ਖੇਡ ਦਾ ਪ੍ਰਦਰਸ਼ਨ ਕਰਨ ਵਾਲੀਆਂ ਇੰਨ੍ਹਾਂ ਉਕਤ ਹਰੇਕ ਖਿਡਾਰਣਾਂ ਨੂੰ 79 ਹਜ਼ਾਰ ਰੁਪਏ ਦਾ ਸਾਲਾਨਾ ਵਜ਼ੀਫ਼ਾ ਦਿੱਤਾ ਗਿਆ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੀਆਂ ਇੰਨ੍ਹਾਂ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਸੁਨਿਹਰੇ ਭਵਿੱਖ ਕਾਮਨਾ ਕਰਦਿਆਂ ਕਿਹਾ ਕਿ ਇਹ ਇਕ ਵੱਡੀ ਪ੍ਰਾਪਤੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣਾ ਭਵਿੱਖ ਉਜਵਲ ਬਣਾਉਣ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਖੇਡ ਦੀਆਂ ਹੋਰ ਬਰੀਕੀਆਂ ਸਿੱਖਣ ਲਈ ਮੌਕੇ ਪ੍ਰਦਾਨ ਹੋਣਗੇ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਖੇਡਾਂ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਇਕ ਬੇਹਤਰੀਨ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਯਤਨਸ਼ੀਲ ਹੈ।
ਇਸ ਮੌਕੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੰਪਨੀ ਨੇ ਖੇਡਾਂ ’ਚ ਭਾਰਤ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਵਜ਼ੀਫ਼ਿਆਂ ਲਈ ਨਾਮਜਦਗੀਆਂ ਮੰਗੀਆਂ ਸਨ, ਜਿਸ ’ਚ ਖ਼ਾਲਸਾ ਹਾਕੀ ਅਕਾਦਮੀ ਦੀਆਂ ਉਕਤ 7 ਖਿਡਾਰਣਾਂ ਦੀ ਚੋਣ ਕੀਤੀ ਸੀ।ਜਿਨ੍ਹਾਂ ਨੇ ਭਾਰਤੀ ਟੀਮ ਵੱਲੋਂ ਖੇਡਾਂ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ, ਨੂੰ ਇਹ ਉਕਤ ਵਜ਼ੀਫ਼ਾ ਪ੍ਰਦਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਕਤ ਖਿਡਾਰਣਾਂ ਜੋ ਕਿ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਹਨ ਅਤੇ 5 ਵਿਦਿਆਰਥਣਾਂ ਹਰਿਆਣਾ ਅਤੇ 2 ਵਿਦਿਆਰਥਣਾਂ ਕਪੂਰਥਲਾ ਤੋਂ ਹਨ, ਜਿਨ੍ਹਾਂ ’ਚ ਨਵਪ੍ਰੀਤ ਕੌਰ, ਅਮਨਦੀਪ ਕੌਰ, ਰੀਤ, ਨੇਹਾ, ਸਿਮਰਨ ਚੋਪੜਾ, ਕਾਜਲ ਅਤੇ ਸਿਮਰਨ ਕੌਰ ਦੇ ਨਾਮ ਜ਼ਿਕਰਯੋਗ ਹਨ।
ਇਸ ਮੌਕੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਚੀਫ਼ ਹਾਕੀ ਕੋਚ ਬਲਦੇਵ ਸਿੰਘ ਅਤੇ ਸਹਾਇਕ ਕੋਚ ਅਮਰਜੀਤ ਨੇ ਉਕਤ ਖਿਡਾਰਣਾਂ ਦੇ ਚੰਗੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਅਤੇ ਮੈਨੇਜ਼ਮੈਂਟ ਅਤੇ ਛੀਨਾ ਵੱਲੋਂ ਲੜਕੀਆਂ ਦੀਆਂ ਖੇਡਾਂ ਨੂੰ ਵਧਾਵਾ ਦੇਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਵਾਲੀਆ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨ੍ਹੀ ਵੱਡੀ ਮਾਤਰਾ ’ਚ ਵਜ਼ੀਫ਼ੇ ਪ੍ਰਦਾਨ ਕੀਤੇ ਗਏ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media