ਚੰਡੀਗੜ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਦੌਰਾਨ ਉਨਾਂ ਪੰਜਾਬ ਰਾਜ ਨਾਲ ਸਬੰਧਤ ਕਈਂ ਅਹਿਮ ਮਸਲੇ ਪ੍ਰਧਾਨ ਮੰਤਰੀ ਕੋਲ ਉਠਾਏ।
ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਅੱਧੇ ਘੰਟੇ ਤੱਕ ਇਸ ਮੁਲਾਕਾਤ ਦੌਰਾਨ ਉਨਾਂ ਵਿਦੇਸ਼ੀ ਲਾੜਿਆਂ ਵਲੋਂ ਵਿਆਹ ਕੇ ਛੱਡੀਆਂ ਗਈਆਂ ਲੜਕੀਆਂ ਦਾ ਮੁੱਦਾ ਵਿਸ਼ੇਸ਼ ਤੌਰ ਤੇ ਉਠਾਇਆ ਅਤੇ ਮੰਗ ਕੀਤੀ ਕਿ ਇਸ ਸਬੰਧੀ ਕੋਈ ਅਜਿਹੀ ਨੀਤੀ ਤਿਆਰ ਕੀਤੀ ਜਾਵੇ ਕਿ ਕੋਈ ਵੀ ਐਨ.ਆਰ.ਆਈ ਦੇਸ਼ ਦੀ ਲੜਕੀਆਂ ਨਾਲ ਵਿਆਹ ਦੇ ਨਾਂ ਤੇ ਧੋਖਾ ਨਾ ਕਰ ਸਕਣ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਨਾਂ ਗੀਤਾਂ ਅਤੇ ਫਿਲਮਾਂ ਰਾਹੀਂ ਔਰਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਵੀ ਮਸਲਾ ਉਠਾਇਆ ਅਤੇ ਮੰਗ ਕੀਤੀ ਕਿ ਹਰੇਕ ਰਾਜ ਵਿਚ ਗੀਤਾਂ ਲਈ ਫਿਲਮਾਂ ਦੀ ਤਰਜ਼ `ਤੇ ਇਕ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਜਾਵੇ ਅਤੇ ਉਸ ਵਿਚ ਮਹਿਲਾ ਕਮਿਸ਼ਨ ਦੀ ਪ੍ਰਤੀਨਿੱਧ ਨੂੰ ਜਰੂਰ ਸ਼ਾਮਲ ਕੀਤਾ ਜਾਵੇ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨੀਂ ਪੰਜਾਬ ਰਾਜ ਕਮਿਸ਼ਨ ਵਲੋਂ ਗਾਇਕ ਹਨੀ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।
ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਸਮੁੱਚੀ ਗੱਲਬਾਤ ਦੌਰਾਨ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਅਤੇ ਭਰੋਸਾ ਦਿਵਾਇਆ ਕਿ ਇਨਾਂ ਮਸਲਿਆਂ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਨਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media