`ਮੈਡੀਕਲ ਕੌਂਸਲਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਖੱਜ਼ਲ-ਖੁਆਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ
ਚੰਡੀਗੜ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਐਮ.ਬੀ.ਬੀ.ਐਸ ਦੀ ਡਿਗਰੀ ਦੇ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਦੌਰਾਨ ਪੰਜਾਬੀ
ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖ਼ੀ ਕਰਨੀ ਯਕੀਨੀ ਬਣਾਈ ਜਾਵੇਗੀ।ਉਕਤ ਪ੍ਰਗਟਾਵਾ ਅਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਕੈਬਨਿਟ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਪੰਜਾਬ ਰਾਜ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖ਼ਲਿਆਂ ਲਈ ਬਣਾਏ ਗਏ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਵੀ ਡਾਕਟਰੀ ਦੀ ਪੜਾਈ ਕਰਨ ਦੇ ਇੱਛੁਕ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹੁਣ ਤੋਂ ਹੀ ਨੀਤੀ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦੇ ਹਸਪਤਾਲਾਂ ਦੇ ਪ੍ਰਿਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਸਮੂਹ ਮਰੀਜ਼ਾਂ ਨੂੰ ਹਰੇਕ ਸੰਭਵ ਸਹੂਲਤ ਦੇਣ ਤਾਂ ਜੋ ਲੋਕਾਂ ਦਾ ਸਰਕਾਰੀ ਸਿਸਟਮ ਵਿੱਚ ਭਰੋਸਾ ਹੋਰ ਮਜ਼ਬੂਤ ਹੋ ਸਕੇ।ਉਨਾਂ ਇਹ ਵੀ ਹਦਾਇਤ ਕੀਤੀ ਕਿ ਇਲਾਜ ਦੇ ਨਾਮ `ਤੇ ਜੇਲਾਂ ਵਿੱਚ ਸਜ਼ਾ ਕੱਟ ਰਹੇ ਕੈਦੀ ਕਈ ਵਾਰ ਹਸਪਤਾਲਾਂ ਵਿੱਚ ਕਈ ਕਈ ਦਿਨ ਤੱਕ ਗਲਤ ਤਰੀਕਿਆਂ ਰਾਹੀਂ ਦਾਖ਼ਲ ਰਹਿੰਦੇ ਹਨ, ਇਸ ਨੂੰ ਵੀ ਪੂਰੀ ਤਰਾਂ ਠੱਲ ਪਾਈ ਜਾਵੇ ਅਤੇ ਜਿੰਨੇ ਦਿਨਾਂ ਦੀ ਮਰੀਜ਼ ਨੂੰ ਲੋੜ ਹੈ ਓਨੇ ਦਿਨ ਹੀ ਅਜਿਹੇ ਮਰੀਜ਼ਾਂ ਨੂੰ ਦਾਖ਼ਲ ਰੱਖਿਆ ਜਾਵੇ।
ਸੋਨੀ ਨੇ ਸਮੂਹ ਮੈਡੀਕਲ ਕੌਂਸਲਾ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਖੱਜ਼ਲ ਖੁਆਰ ਨਾ ਕੀਤਾ ਜਾਵੇ ਅਤੇ ਜੇਕਰ ਉਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆ ਗਿਆ ਤਾਂ ਦੋਸ਼ੀ ਅਧਿਕਾਰੀ/ਕਰਮਚਾਰੀ ਨੁੰ ਬਖਸ਼ਣਗੇ ਨਹੀ ਜਾਣਗੇ।
ਇਸ ਮੌਕੇ ਮੈਡੀਕਲ ਕਾਲਜਾਂ ਦੇ ਪ੍ਰਿਸੀਪਲਾਂ ਵਲੋਂ ਕੱਝ ਮੰਗਾਂ ਵੀ ਉਠਾਈਆਂ ਗਈਆਂ, ਜਿਨਾਂ `ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਹਦਾਇਤ ਕੀਤੀ ਗਈ ਕਿ ਇਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁੱਝ ਇੰਸਟੀਚਿਊਟ ਪੈਰਾਮੈਡੀਕਲ ਦੇ ਕੋਰਸਾਂ ਦੀਆਂ ਜਾਅਲੀ ਡਿਗਰੀਆਂ ਕਰਵਾ ਰਹੇ ਹਨ ਜਿਸ `ਤੇ ਸੋਨੀ ਨੇ ਕਿਹਾ ਕਿ ਅਜਿਹੇ ਇੰਸਟੀਚਿਊਟ ਜੋ ਕਿ ਮਾਣਤਾ ਪ੍ਰਾਪਤ ਨਹੀਂ ਹਨ, ਉਨਾਂ ਵਿਰੁੱਧ ਬਣਦੀ ਕਾਰਵਾਈ ਆਗਾਮੀ 10 ਦਿਨਾਂ ਅੰਦਰ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ ਡੀ.ਕੇ. ਤਿਵਾੜੀ, ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜਬਹਾਦਰ, ਡਾਇਰੈਕਟਰ ਡਾਕਟਰੀ ਸਿੱਖਿਆ ਤੇ ਖੋਜ ਅਵਿਨਾਸ਼ ਕੁਮਾਰ ਸਮੇਤ ਪੰਜਾਬ ਰਾਜ ਦੀਆਂ ਸਮੂਹ ਮੈਡੀਕਲ ਕੌਸਲਾਂ ਦੇ ਮੁਖੀ ਹਾਜ਼ਰ ਸਨ।
Punjab Post Daily Online Newspaper & Print Media