ਪੰਜਾਬ ਤੇ ਉਡੀਸ਼ਾ ਦੇ ਸਹਿਕਾਰਤਾ ਮੰਤਰੀਆਂ ਵਲੋਂ ਸਹਿਕਾਰਤਾ ਲਹਿਰ ਮਜ਼ਬੂਤ ਕਰਨ ਦੀ ਵਕਾਲਤ
ਚੰਡੀਗੜ/ਭੁਵਨੇਸ਼ਵਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – `ਸਹਿਕਾਰਤਾ ਖੇਤਰ ਵਿੱਚ ਦੇਸ਼ ਭਰ ਦੇ ਸੂਬਿਆਂ ਲਈ ਮਾਲੀਏ ਦਾ ਮੁੱਖ ਸ੍ਰੋਤ
ਬਣਨ ਦੀ ਵਧੇਰੇ ਸਮਰੱਥਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸਮੂਹ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਰਸਮੀ ਅਤੇ ਗੈਰ ਰਸਮੀ ਮੰਚ ਬਣਾਉਣਾ ਬੇਹੱਦ ਜ਼ਰੂਰੀ ਹੈ ਜਿਥੇ ਭਾਰਤ ਸਰਕਾਰ ਨੂੰ ਸਿਫ਼ਾਰਸ਼ਾਂ ਭੇਜਣ ਲਈ ਸੂਬੇ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ `ਤੇ ਵਿਚਾਰ ਕੀਤਾ ਜਾ ਸਕੇ।“ ਇਹ ਗੱਲ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਤਿੰਨ ਰੋਜ਼ਾ ਉਡੀਸ਼ਾ ਦੌਰੇ ਦੇ ਆਖਰੀ ਦਿਨ ਉਡੀਸ਼ਾ ਦੇ ਸਹਿਕਾਰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਰਣਏਂਦਰ ਪ੍ਰਤਾਪ ਸਵੈਨ ਨਾਲ ਮੁਲਾਕਾਤ ਉਪਰੰਤ ਕਹੀ।ਸਵੈਨ ਨੇ ਰੰਧਾਵਾ ਵਲੋਂ ਪੇਸ਼ ਕੀਤੇ ਇਸ ਪ੍ਰਸਤਾਵ `ਤੇ ਸਹਿਮਤੀ ਪ੍ਰਗਟਾਈ।
ਸਹਿਕਾਰਤਾ ਮੰਤਰੀ ਦੀ ਅਗਵਾਈ ਵਿੱਚ ਇਸ ਵਫਦ ਨੇ ਉਡੀਸ਼ਾ ਸਟੇਟ ਕੋਆਪਰੇਟਿਵ ਬੈਂਕ, ਡੀ.ਸੀ.ਸੀ.ਬੀ ਦੇ ਮੁੱਖ ਦਫ਼ਤਰ ਤੇ ਜ਼ਿਲਾ ਖੋਰਧਾ `ਚ ਇਸ ਦੀ ਮਹਿਲਾ ਬ੍ਰਾਂਚ ਅਤੇ ਸ਼ਿਸ਼ੂਪਾਲ ਗੜ ਵਿਖੇ ਪ੍ਰਾਇਮਰੀ ਐਗਰੀਕਲਚਰਲ ਕਰੈਡਿਟ ਸੋਸਾਇਟੀ (ਪੀ.ਏ.ਸੀ.ਐਸ) ਦਾ ਦੌਰਾ ਕੀਤਾ ਉਥੋਂ ਦੇ ਕੰਪਿਊਟਰੀਕਰਨ ਸਿਸਟਮ ਦਾ ਅਧਿਐਨ ਕੀਤਾ।ਰੰਧਾਵਾ ਨੇ ਇਸ ਫੇਰੀ ਦੌਰਾਨ ਉਡੀਸ਼ਾ ਦੀ ਕੋਰ ਬੈਂਕਿੰਗ ਸਲਿਊਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਮੀਨੀ ਪੱਧਰ `ਤੇ ਜਾਣਕਾਰੀ ਲੈਣ ਲਈ ਉਨਾਂ ਸੁਸਾਇਟੀਆਂ ਦੇ ਸਕੱਤਰਾਂ ਅਤੇ ਵੱਖ-ਵੱਖ ਬੈਂਕਾਂ ਦੀਆਂ ਬਰਾਂਚਾਂ ਦੇ ਸੇਲਜ਼ਮੈਨਜ਼ ਨਾਲ ਗੱਲਬਾਤ ਕੀਤੀ।
ਰੰਧਾਵਾ ਵਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਖੇਤਰ ਵਿੱਚ ਚੁੱਕੇ ਨਿਵੇਕਲੇ ਕਦਮਾਂ ਬਾਰੇ ਜਾਣਕਾਰੀ ਦੇਣ `ਤੇ ਉਡੀਸ਼ਾ ਦੇ ਸਹਿਕਾਰਤਾ ਮੰਤਰੀ ਸਵੈਨ ਨੇ ਇਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਉਨਾਂ ਮੰਨਿਆ ਕਿ ਕਿਸਾਨੀ ਅਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਲੀਹ `ਤੇ ਲਿਆਉਣ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤੀ ਨਾਲ ਖੜਾ ਕਰਨ ਦੀ ਲੋੜ ਹੈ। ਦੋਵਾਂ ਮੰਤਰੀਆਂ ਦੇ ਇਸ ਮਾਮਲੇ `ਤੇ ਇਕੋ ਰਾਏ ਸੀ ਕਿ ਸਹਿਕਾਰਤਾ ਖੇਤਰ ਕਿਸਾਨੀ ਦੀ ਰੀੜ ਦੀ ਹੱਡੀ ਜਿਸ ਨੂੰ ਮਜ਼ਬੂਤ ਕੀਤੇ ਬਿਨਾਂ ਕਿਸਾਨਾਂ ਦਾ ਫਾਇਦਾ ਸੰਭਵ ਨਹੀਂ ਅਤੇ ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ ਕਿਉਂਕਿ ਭਾਰਤ ਇਕ ਖੇਤੀ ਪ੍ਰਧਾਨ ਰਾਸ਼ਟਰ ਹੈ।
ਮੀਟਿੰਗ ਦੌਰਾਨ ਦੋਵੇਂ ਮੰਤਰੀਆਂ ਨੇ ਓਡੀਸ਼ਾ ਦੇ ਸਟੇਟ ਕੋਆਪਰੇਟਿਵ ਬੈਂਕ ਤੇ ਸਹਿਕਾਰਤਾ ਵਿਭਾਗ ਵਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।ਰੰਧਾਵਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਤਜਰਬਾ ਕਾਫ਼ੀ ਸਿੱਖਣਯੋਗ ਰਿਹਾ ਹੈ ਅਤੇ ਭਰੋਸਾ ਦਿਵਾਇਆ ਕਿ ਉਹ ਓਡੀਸ਼ਾ ਦੁਆਰਾ ਅਪਣਾਏ ਜਾ ਰਹੇ ਉਤਮ ਅਭਿਆਸਾਂ ਨੂੰ ਲਾਗੂ ਕਰਨਗੇ।
ਰੰਧਾਵਾ ਦੀ ਅਗਵਾਈ ਵਾਲੇ ਇਸ ਵਫ਼ਦ ਵਿੱਚ ਰਜਿਸਟਰਾਰ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ ਡਾ. ਐਸ.ਕੇ ਬਾਤਿਸ਼, ਮੁੱਖ ਸੂਚਨਾ ਤਕਨਾਲੋਜੀ ਅਧਿਕਾਰੀ ਪੀ.ਐਮ.ਐਸ ਮੱਲੀ, ਸੀਨੀਅਰ ਆਈ.ਟੀ ਅਧਿਕਾਰੀ ਸੰਜੇ ਗੁਪਤਾ ਅਤੇ ਪੰਜਾਬ ਰਾਜ ਕੋਆਪਰੇਟਿਵ ਬੈਂਕ ਦੇ ਕੰਸਲਟੈਂਟ ਕੇ.ਐਸ ਪਾਂਡੇ ਸ਼ਾਮਲ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media