ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ
ਪੰਜ ਤਖ਼ਤਾਂ ਲਈ ਰਵਾਨਾ ਹੋਏ ਨਗਰ ਕੀਰਤਨ ਦਾ ਅੱਜ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਟਾਰੀ ਵਿਖੇ ਪੁੱਜਣ `ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਤੇ ਰੁਮਾਲਾ ਅਤੇ ਫੁੱਲ ਮਲਾਵਾਂ ਭੇਟ ਕਰਕੇ ਸਵਾਗਤ ਕੀਤਾ, ਜਦਕਿ ਪੰਜਾਬ ਸਰਕਾਰ ਵੱਲੋਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ, ਸਭਿਆਚਾਰਕ, ਸੈਰਸਪਾਟਾ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਅਤੇ ਫੁੱਲ ਅਰਪਿਤ ਕਰਕੇ ਜੀ ਆਇਆਂ ਕਿਹਾ।ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਜਗਤ ਗੁਰੂ ਬਾਬਾ ਨਾਨਕ ਨੇ ਲੋਕਾਈ ਨੂੰ ਦਿੱਤਾ ਮਾਨਵਤਾ ਦਾ ਸੰਦੇਸ਼ – ਸੋਨੀ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੰਨਾ ਨੇ ਸਮੁੱਚੀ ਮਾਨਵਤਾ ਨੂੰ ਪਿਆਰ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਦਿੱਤਾ ਹੈ, ਦੇ 550ਵੇਂ ਨਗਰ ਕੀਰਤਨ ਮੌਕੇ ਉਨਾਂ ਦੇ ਜਨਮ ਸਥਾਨ ਤੋਂ ਆਇਆ ਇਹ ਨਗਰ ਕੀਰਤਨ ਦੋਵਾਂ ਦੇਸ਼ਾਂ ਵਿਚਾਲੇ ਪਿਆਰ ਦਾ ਸੰਦੇਸ਼ ਦੇ ਰਿਹਾ ਹੈ।ਉਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਮੌਕੇ ਦੋਵਾਂ ਦੇਸ਼ਾਂ ਦੀ ਸਰਹੱਦੀ ਦੂਰੀਆਂ ਖਤਮ ਹੁੰਦੀਆਂ ਪ੍ਰਤੀਤ ਹੋ ਰਹੀਆਂ ਹਨ।
550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਜਾਰੀ-ਚੰਨੀ
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੂਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਉਤਸ਼ਾਹ ਨਾਲ ਮਨਾਉਣ ਲਈ ਸਰਕਾਰ ਵੱਲੋਂ ਪਿਆਰ ਤੇ ਸ਼ਰਧਾ ਨਾਲ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਵਿਸ਼ਵ ਭਰ ਵਿਚੋਂ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਕੋਈ ਢਿੱਲ-ਮੱਠ ਨਾ ਰਹੇ।ਉਨਾਂ ਦੱਸਿਆ ਕਿ ਇਹ ਤਿਆਰੀ ਲਗਭਗ ਇਕ ਸਾਲ ਤੋਂ ਸ਼ੁਰੂ ਕੀਤੀ ਹੋਈ ਹੈ ਅਤੇ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਇੰਨਾਂ ਤਿਆਰੀਆਂ ਉਤੇ ਨਿਗ੍ਹਾ ਰੱਖ ਰਹੇੇ ਹਨ।
ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਲ-ਜੁੱਲ ਕੇ ਮਨਾਉਣ ਦਾ ਸੱਦਾ ਦਿੰਦੇ ਉਨਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦੀ ਲੋੜ ਉਤੇ ਜ਼ੋਰ ਦਿੱਤਾ।
ਸੰਗਤਾਂ ਵੱਲੋਂ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਵੀ ਦਿੱਤੀ ਗਈ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ, ਕਾਂਗਰਸ ਆਗੂ ਲਾਲੀ ਮਜੀਠੀਆ, ਡਾਇਰੈਕਟਰ ਮਲਵਿੰਦਰ ਸਿੰਘ ਜੱਗੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਬੀ.ਐਸ.ਐਫ ਦੇ ਡੀ.ਆਈ.ਜੀ ਜੇ.ਐਸ ਉਬਰਾਏ, ਐਸ.ਐਸ.ਪੀ ਵਿਕਰਮਜੀਤ ਦੁੱਗਲ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਤੇ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਕਸਟਮ ਬਲਵਿੰਦਰ ਸਿੰਘ ਧਾਲੀਵਾਲ, ਕੌਸ਼ਲਰ ਵਿਕਾਸ ਸੋਨੀ, ਮਹੇਸ਼ ਖੰਨਾ ਅਤੇ ਹੋਰ ਧਾਰਮਿਕ ਹਸਤੀਆਂ ਹਾਜ਼ਰ ਸਨ।
Punjab Post Daily Online Newspaper & Print Media