ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਿਆਰਵੀਂ ਜਮਾਤ ਪੜ੍ਹਦੇ ਵਿਦਿਆਰਥੀ ਸੁਨਿਲ ਅਰੋੜਾ ਨੂੰ ਭਾਰਤੀ ਕ੍ਰਿਕਟ ਟੀਮ ਅੰਡਰ-19 `ਚ ਸ਼ਾਮਲ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਚੋਣ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਸਲਿਲ 8 ਤੋਂ 13 ਸਤੰਬਰ 2019 ਨੂੰ ਸ੍ਰੀ ਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਗ ਲਵੇਗਾ, ਜੋ ਸਕੂਲ ਲਈ ਮਾਣ ਦੀ ਗੱਲ ਹੈ।ਉਨ੍ਹਾਂ ਨੇ ਸਲਿਲ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਪ੍ਰਾਪਤੀ ਨਾਲ ਉਸ ਦੇ ਮਾਪਿਆਂ, ਸਕੂਲ ਅਤੇ ਸੂਬੇ ਦਾ ਨਾਮ ਉੱਚਾ ਹੋਇਆ ਹੈ। ਮੈਡਮ ਅੰਜ਼ਨਾ ਨੇ ਕਿਹਾ ਕਿ ਸਲਿਲ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਮਿਹਨਤ ਤੇ ਲਗਨ ਸਦਕਾ ਉਸ ਨੇ ਸੂਬੇ ਅਤੇ ਕੌਮੀ ਪੱਧਰ ਦੇ ਕਈ ਮੁਕਾਬਲਿਆਂ `ਚ ਭਾਗ ਲਿਆ ਅਤੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ। ਕੂਚ ਬਿਹਾਰ ਟਰਾਫੀ 2018 `ਚ ਉਹ ਪੰਜਾਬ ਦੀ ਕ੍ਰਿਕਟ ਟੀਮ ਦਾ ਮੈਂਬਰ ਸੀ ਅਤੇ ਇਸ ਮੁਕਾਬਲੇ ਵਿੱਚ ਉਸ ਨੇ 654 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਇਸ ਸਮੇਂ ਉਹ ਇਕ ਦਿਨਾਂ ਕ੍ਰਿਕਟ ਟੀਮ-19 ਦਾ ਕਪਤਾਨ ਹੈ ਅਤੇ ਟੀਮ ਵਿੱਚ ਵਿਕੇਟ ਕੀਪਰ ਤੇ ਬੱਲੇਬਾਜ਼ ਵਜੋਂ ਖੇਡ ਰਿਹਾ ਹੈ। ਪ੍ਰਿੰਸੀਪਲ ਅੰਜਨਾ ਨੇ ਕਿਹਾ ਕਿ ਇਸ ਸਲਿਲ ਵੱਲੋਂ ਕੀਤੀ ਗਈ ਮਿਹਨਤ, ਦ੍ਰਿੜ ਨਿਸਚੇ, ਲਗਨ, ਮਾਪਿਆਂ ਦੇ ਸਹਿਯੋਗ ਅਤੇ ਕੋਚ ਰਾਜਨ ਗਿੱਲ ਤੇ ਰਾਹੁਲ ਸਰਮਾ ਦਾ ਵੱਡਾ ਯੋਗਦਾਨ ਹੈ। ਡੀ.ਏ.ਵੀ ਪ੍ਰਬੰਧਕੀ ਕਮੇਟੀ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ, ਪਬਲਿਕ ਸਕੂਲ, ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਡਾਇਰੈਕਟਰ ਜੇ.ਪੀ ਸ਼ੂਰ, ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵੀ ਸਲਿਲ ਨੂੰ ਵਧਾਈਆਂ ਅਤੇ ੲਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media