ਸਿਵਲ ਹਸਪਤਾਲ ਵਿਖੇ ਕਰਵਾਇਆ ਦਾਖਲ- ਹਾਲਤ ਠੀਕ
ਭੀਖੀ/ਮਾਨਸਾ, 8 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ ਪ੍ਰਸ਼ਾਸ਼ਨ ਨੇ ਖੇਤ ਦੀ ਖੁਹੀ `ਚ ਦੱਬੇ ਇੱਕ ਕਿਸਾਨ ਨੂੰ ਡੇਢ (1 ਘੰਟਾ 30 ਮਿੰਟ) ਘੰਟੇ ਦੇ ਅੰਦਰ-ਅੰਦਰ ਆਪਰੇਸ਼ਨ ਚਲਾ ਕੇ ਸਹੀ ਸਲਾਮਤ ਬਾਹਰ ਕੱਢ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਢਿੱਲੋਂ ਪੱਤੀ ਪਿੰਡ ਭੈਣੀ ਬਾਘਾ ਦਾ ਕਿਸਾਨ ਜਸਵਿੰਦਰ ਸਿੰਘ (35) ਪੁੱਤਰ ਦਰਸ਼ਨ ਸਿੰਘ, ਜਿਸ ਕੋਲ ਢਾਈ ਏਕੜ ਜ਼ਮੀਨ ਹੈ, ਆਪਣੇ ਖੇਤ ਵਿੱਚ 7 ਅਗਸਤ ਨੂੰ ਦੁਪਹਿਰ ਦੇ ਕਰੀਬ 12.30 ਵਜੇ 25 ਫੁੱਟ ਡੂੰਘੀ ਇੱਕ ਖੁਹੀ ਵਿਚੋਂ ਇੱਟਾਂ ਕੱਢਣ ਦਾ ਕੰਮ ਕਰ ਰਿਹਾ ਸੀ ਅਤੇ ਖੁਹੀ ਨੂੰ ਮਿਟੀ ਨਾਲ ਭਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਖੁਹੀ 17-18 ਫੁੱਟ ਦੇ ਕਰੀਬ ਰਹਿ ਗਈ ਤਾਂ ਖੁਹੀ ਦੇ ਉਪਰਲੀ ਮਿੱਟੀ ਕਿਸਾਨ ਦੇ ਉਪਰ ਡਿੱਗ ਗਈ ਅਤੇ ਕਿਸਾਨ ਜਸਵਿੰਦਰ ਸਿੰਘ ਉਸ ਮਿੱਟੀ ਦੇ ਹੇਠਾਂ ਦੱਬਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਪਟਵਾਰੀ ਵੇਦ ਪ੍ਰਕਾਸ਼ ਵਲੋਂ ਇਸ ਸਾਰੀ ਘਟਨਾ ਦੀ ਸੂਚਨਾ ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੂੰ ਦਿੱਤੀ ਗਈ, ਜਿਸ `ਤੇ ਤਹਿਸੀਲਦਾਰ ਮਾਨਸਾ 1 ਵਜੇ ਘਟਨਾ ਵਾਲੇ ਸਥਾਨ `ਤੇ ਪਹੁੰਚ ਗਏ।ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ ਮਾਨਸਾ ਨੇ ਖੁਦ ਮੌਕੇ `ਤੇ ਮੌਜੂਦ ਰਹਿ ਕੇ ਇਹ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰਵਾਇਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਕਿਸਾਨ ਜਸਵਿੰਦਰ ਸਿੰਘ ਨੂੰ ਬਚਾਉਣ ਲਈ ਮਿੱਟੀ ਨੂੰ ਕੱਢਣ ਲਈ 3 ਜੇ.ਸੀ.ਬੀ ਮਸ਼ੀਨਾਂ ਲਗਾ ਦਿੱਤੀਆਂ ਗਈਆਂ।ਡੇਢ ਘੰਟੇ ਦੇ ਲਗਾਤਾਰ ਚੱਲੇ ਇਸ ਬਚਾਅ ਕਾਰਜ ਤੋਂ ਬਾਅਦ ਕਿਸਾਨ ਜਸਵਿੰਦਰ ਸਿੰਘ ਨੂੰ ਸਹੀ ਸਲਾਮਤ ਖੁਹੀ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਤੁਰੰਤ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ, ਜਿਥੇ ਕਿ ਕਿਸਾਨ ਜਸਵਿੰਦਰ ਸਿੰਘ ਦੀ ਹਾਲਤ ਬਿਲਕੁੱਲ ਠੀਕ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਰੇ ਬਚਾਅ ਕਾਰਜ ਵਿੱਚ ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ।ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਐਂਬੂਲੈਂਸ ਵੀ ਘਟਨਾ ਵਾਲੀ ਜਗ੍ਹਾ `ਤੇ ਡਾਕਟਰੀ ਟੀਮ ਨਾਲ ਪੰਹੁਚ ਗਈ ਸੀ।ਉਨ੍ਹਾਂ ਦੱਸਿਆ ਕਿ ਦੁਪਹਿਰ 12.30 ਸ਼ੁਰੂ ਕੀਤੇ ਗਏ ਕਿਸਾਨ ਜਸਵਿੰਦਰ ਸਿੰਘ ਦੇ ਬਚਾਅ ਦਾ ਕਾਰਜ ਦੁਪਹਿਰ 1.55 ਤੱਕ ਮੁਕੰਮਲ ਹੋ ਚੁੱਕਾ ਸੀ ਅਤੇ ਕਿਸਾਨ ਨੂੰ ਸਹੀ ਸਲਾਮਤ ਖੁਹੀ ਵਿਚੋਂ ਬਾਹਰ ਕੱਢ ਲਿਆ ਗਿਆ ।