ਮਹਿਤਾ, 12 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ
ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸੁਧ ਪਾਠ ਬੋਧ ਸਮਾਗਮ ਕਰਾਇਆ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਸਮਾਗਮ ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਅਸਥਾਨ `ਤੇ 1 ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਚੱਲੇੇਗਾ।
ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨੌਜਵਾਨ ਪੀੜ੍ਹੀ `ਚ ਫੈਲ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਰਸੇ ਨੂੰ ਲੱਗ ਰਹੇ ਖੋਰੇ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਅਤੇ ਅਰਥ ਬੋਧ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡੇ ਜੀਵਨ ਦਾ ਆਧਾਰ ਗੁਰਬਾਣੀ ਹੈ, ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ।ਦਮਦਮੀ ਟਕਸਾਲ ਆਪਣੇ ਪ੍ਰਮੁੱਖ ਪ੍ਰਯੋਜਨ ਤਹਿਤ ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਕਰਨ ਵਲ ਵਿਸ਼ੇਸ਼ ਧਿਆਨ ਦੇ ਰਹੀ ਹੈ।ਅਜਿਹਾ ਪਾਠ ਬੋਧ ਸਮਾਗਮ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ 15 ਅਗਸਤ ਤੋਂ 14 ਸਤਬਰ ਤਕ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਇਨ੍ਹਾਂ ਸਮਾਗਮਾਂ ਰਾਹੀ ਪਿੰਡਾਂ ਦੇ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਤੇ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਥਿਆ ਕਰਾਈ ਜਾਵੇਗੀ ਅਤੇ ਸਿੱਖ ਰਹਿਤ ਮਰਯਾਦਾ-ਸਿਧਾਂਤ ਤੇ ਗੁਰਬਾਣੀ ਦੀ ਸੇਵਾ ਸੰਭਾਲ਼ ਤੋਂ ਇਲਾਵਾ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ
ਇਸ ਮੌਕੇ ਸੰਤ ਬਾਬਾ ਪਰਦੀਪ ਸਿੰਘ ਬੋਰੇਵਾਲ ਲੰਗਰਾਂਵਾਲੇ, ਭਾਈ ਅਜਾਇਬ ਸਿੰਘ ਅਭਿਆਸੀ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ (ਸਾਰੇ ਮੈਬਰ ਸ਼੍ਰੋਮਣੀ ਕਮੇਟੀ) ਭਾਈ ਸੁਰਜੀਤ ਸਿੰਘ ਸਭਰਾ ਹੈਡ ਗ੍ਰੰਥੀ, ਭਾਈ ਸਰਵਣ ਸਿੰਘ ਖਾਲਸਾ, ਬਾਬਾ ਜੀਵਾ ਸਿੰਘ, ਪਰਮਿੰਦਰ ਸਿੰਘ ਜਾਰਜਪੁਰ, ਮੇਜਰ ਸਿੰਘ ਕੋਆਰਡੀਨੇਟਰ, ਸਤਨਾਮ ਸਿੰਘ ਮੈਨੇਜਰ, ਗੁਰਜੰਟ ਸਿੰਘ ਸੰਧੂ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਕੁਲਵੰਤ ਸਿੰਘ ਮੀਤ ਮੈਨੇਜਰ, ਸਰਬਜੀਤ ਸਿੰਘ ਐਂਡੀਸ਼ਨ ਮੈਨੇਗਰ, ਸੁਰਿੰਦਰ ਪਾਲ ਸਿੰਘ ਸੋਢੀ ਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media