ਮੀਡੀਆ, ਫ਼ਿਲਮ-ਨਿਰਦੇਸ਼ਨ, ਜਨ-ਸੰਪਰਕ, ਵਿਗਿਆਪਨ ਤੇ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵੱਖ-ਵੱਖ ਬੈਚਾਂ ਦੇ 25 ਵਿਦਿਆਰਥੀ ਕੀਤੇ ਸਨਮਾਨਿਤ


ਜਲੰਧਰ, 21 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮਾਜਿਕ ਵਰਤਾਰਿਆਂ ਵਿਚਲੀਆਂ ਤਬਦੀਲੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਨ੍ਹਾਂ ਤਬਦੀਲੀਆਂ ਦੇ ਅਸਰਾਂ ਬਾਰੇ ਸਮਾਜਕ ਚੇਤਨਾ ਪੈਦਾ ਕਰਕੇ ਮੀਡੀਆ ਨੇ ਹਮੇਸ਼ਾ ਹੀ ਨਰੋਈ ਭੂਮਿਕਾ ਨਿਭਾਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਲੱਧੇਵਾਲੀ ਦੇ ਪੱਤਰਕਾਰਤਾ ਤੇ ਜਨ-ਸੰਚਾਰ ਵਿਭਾਗ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਮੀਡੀਆ ਦਆਰਾ ਆਮ ਭਾਸ਼ਾ ਵਿੱਚ ਸਮਾਜ ਪ੍ਰਤੀ ਬਹੁ-ਪਰਤੀ ਸਮਝ ਪੈਦਾ ਕਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਇਸ ਵਿਭਾਗ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਪੱਤਰਕਾਰਤਾ ਦੇ ਯੋਗਦਾਨ ਸਦਕਾ ਉਸਾਰੂ ਸਮਾਜ ਸਿਰਜਣ ਦੀ ਪਿਰਤ ਨੂੰ ਅੱਗੇ ਵਧਾਉਣ ਅਤੇ ਇਸ ਖੇਤਰ ਵਿੱਚ ਨਵੀਆਂ ਪੁਲਾਂਘਾ ਪੁੱਟਣ। ਡਾ. ਚੀਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਲੱਧੇਵਾਲੀ ਦੇ ਪੱਤਰਕਾਰਤਾ ਤੇ ਜਨ-ਸੰਚਾਰ ਵਿਭਾਗ ਨੂੰ ਉੱਤਰ ਭਾਰਤ ਦਾ ਇਕ ਅਹਿਮ ਸੰਸਥਾਨ ਆਖਦਿਆਂ ਇਸ ਵਿਭਾਗ ਵੱਲੋਂ ਮੀਡੀਆ ਖੇਤਰ ਵਿੱਚ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਵਿਭਾਗ ਦੇ 25ਵੇਂ ਸਥਾਪਨਾ ਦਿਵਸ ਸਬੰਧੀ ਬੀਤੀ ਸ਼ਾਮ ਹੋਏ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਵੱਲੋਂ ਇਸ ਵਿਭਾਗ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ। ਸਾਲ 1989 ਤੋਂ ਸ਼ੁਰੂ ਹੋਏ ਇਸ ਵਿਭਾਗ ਦੇ ਮੀਡੀਆ, ਫਿਲਮ, ਨਿਰਦੇਸ਼ਨ, ਜਨ-ਸੰਪਰਕ,ਅਧਿਆਪਨ, ਵਿਗਿਆਪਨ ਤੇ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵੱਖ-ਵੱਖ ਬੈਚਾਂ ਨਾਲ ਸਬੰਧਤ 25 ਵਿਦਿਆਰਥੀਆਂ ਨੂੰ ਵੀ ਸਿੱਖਿਆ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਡਾ.ਨਵਜੀਤ ਜੌਹਲ, ਉਪ-ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੱਧੂ, ਸੀਨੀਅਰ ਪੱਤਰਕਾਰ ਸ੍ਰੀ ਵਰਿੰਦਰ ਸਿੰਘ, ਡਾ. ਸਰਬਜੀਤ ਸੋਹਲ, ਸ੍ਰੀ ਸੁਨੀਤ ਧਵਨ, ਡਾ. ਦਵਿੰਦਰ ਸਿੰਘ ਛੀਨਾ, ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ੍ਰੀ ਕ੍ਰਿਸ਼ਨ ਲਾਲ ਰੱਤੂ, ਕਰਨਲ ਸਤਿੰਦਰ ਸੰਘਾ,ਸੂਚਨਾ ਤੇ ਲੋਕ ਸੰਪਰਕ ਅਫਸਰ ਸ੍ਰੀ ਮਨਵਿੰਦਰ ਸਿੰਘ, ਗਿਨੀ ਮਨਵਿੰਦਰ ਸਿੰਘ, ਸੀਨੀਅਰ ਪੱਤਰਕਾਰ ਸ੍ਰੀ ਅਸੀਮ ਬੱਸੀ, ਪ੍ਰਿਅੰਕਾ ਬੱਸੀ,ਸ੍ਰੀ ਅਮਨਦੇਵ, ਸ੍ਰੀ ਪ੍ਰਦੀਪ ਸ਼ਰਮਾਂ, ਸ੍ਰੀ ਕੁਲਜਿੰਦਰ ਸਿੱਧੂ, ਨਿਧੀ ਸਿੱਧੂ, ਸ੍ਰੀ ਦਿਨੇਸ਼ ਸੂਦ, ਸ੍ਰੀ ਸੁਰਜੀਤ ਭਗਤ, ਕੁਸੁਮ ਅਰੋੜਾ, ਸ੍ਰੀ ਨਵੀਨ ਸ਼ਰਮਾਂ, ਰਾਧਾ ਸਾਹਨੀ, ਜਗਦੀਪ ਸੰਧੂ, ਸ੍ਰੀ ਹਰਮੀਤ ਸਿੰਘ ਢਿੱਲੋਂ, ਰੀਨੀ ਢਿੱਲੋੋਂ, ਸ੍ਰੀ ਅਮਰਪ੍ਰੀਤ ਸਿੰਘ ਮੱਕੜ, ਸ੍ਰੀ ਗੁਰਕ੍ਰਿਪਾਲ ਸਿੰਘ, ਨਵਜੋਤ ਕੌਰ, ਮੀਨਾਕਸ਼ੀ ਗਾਂਧੀ, ਸ੍ਰੀ ਅਵਤਾਰ ਸਿੰਘ ਧਾਲੀਵਾਲ, ਸ੍ਰੀ ਹਰਪ੍ਰੀਤ ਸਿੰਘ, ਵਿਨੀ ਅਤੇ ਜਗਦੀਪ ਸਿੰਘ ਗਿੱਲ ਸ਼ਾਮਲ ਸਨ। ਪੱਤਰਕਾਰਤਾ ਤੇ ਜਨ-ਸੰਚਾਰ ਵਿਭਾਗ ਦੇ ਮੁਖੀ ਡਾ. ਕਮਲੇਸ਼ ਦੁੱਗਲ ਨੇ ਇਸ ਮੌਕੇ ਵਿਭਾਗ ਦੇ ਸ਼ੁਰੂਆਤੀ ਦੌਰ ਤੋਂ ਮੌਜੂਦਾ ਸਮੇਂ ਤੱਕ ਦੇ ਸਫਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਡਾ. ਦੁੱਗਲ ਨੇ ਇਸ ਵਿਭਾਗ ਵੱਲੋਂ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਮੀਡੀਆ ਦੇ ਵੱਖ-ਵੱਖ ਖੇਤਰਾਂ ਲਈ ਵਿਦਿਆਰਥੀਆਂ ਵਿੱਚ ਹੁਨਰਮੰਦੀ ਪੈਦਾ ਕਰਨ, ਆਮ ਗਿਆਨ ਅਤੇ ਸ਼ਖਸੀਅਤ ਉਸਾਰੀ ਲਈ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵਿਭਾਗ ਦੇ ਸਾਬਕਾ ਮੁੱਖੀ ਅਤੇ ਮੈਨੇਜਮੈਂਟ ਐੰਡ ਟੈਕਨੀਕਲ ਯੂਨੀਵਰਸਿਟੀ ਸ਼ਿਲੌਂਗ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋਫੈਸਰ ਅਵਿਨਾਸ਼ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਨਮਰਤਾ ਜੋਸ਼ੀ ਵੱਲੋਂ ਮੁੱਖ ਮਹਿਮਾਨ ਅਤੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ਗਿਆ।ਇਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਕੋਰਿਓਗ੍ਰਾਫੀ ਤੇ ਹੋਰ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਗੁਰਚਰਨ ਚੰਨੀ, ਸ੍ਰੀਮਤੀ ਚਰਨਕਮਲ ਵਾਲੀਆ, ਸ੍ਰੀ ਰੂਬਲ ਕਨੌਜੀਆ, ਸ੍ਰੀਮਤੀ ਸ਼ਿਰਿਆਸੀ ਅਤੇ ਹੋਰ ਹਾਜ਼ਰ ਸਨ।