Thursday, April 23, 2026

ਬੇਅਦਬੀ ਦੇ ਦੋਸ਼ੀ ਅਤੇ ਨਸ਼ੇ ਦੇ ਵਪਾਰੀ ਬਖਸ਼ੇ ਨਹੀਂ ਜਾਣਗੇ – ਰੰਧਾਵਾ

40 ਲੱਖ ਪਰਿਵਾਰਾਂ ਲਈ ਮੁਫਤ ਸਿਹਤ ਬੀਮਾ ਯੋਜਨਾ 20 ਅਗਸਤ ਤੋਂ – ਸਿੱਧੂ

PPNJ1708201904ਜੰਡਿਆਲਾ, 17 ਅਗਸਤ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਕਰਵਾਈ ਗਈ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਭੱਜਣ ਨਹੀਂ ਦੇਵੇਗੀ, ਚਾਹੇ ਉਹ ਕਿੰਨੀਆਂ ਵੀ ਚਾਲਾਂ ਚੱਲ ਲੈਣ।ਉਨਾਂ ਕਿਹਾ ਕਿ ਸੀ.ਬੀ.ਆਈ ਨੇ ਇਸ ਕੇਸ ਦੀ ਜਾਂਚ ਬੰਦ ਕਰਕੇ ਕਲੋਜ਼ਰ ਰਿਪੋਰਟ ਦੇ ਦਿੱਤੀ ਹੈ, ਜਿਸ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਕਾਨੂੰਨੀ ਪੈਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।ਉਨਾਂ ਕਿਹਾ ਕਿ ਜਿੰਨਾ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚ ਪਾਇਆ ਹੈ, ਸਾਡੀ ਸਰਕਾਰ ਉਨਾਂ ਨੂੰ ਸਜ਼ਾ ਦਿਵਾ ਕੇ ਰਹੇਗੀ।
PPNJ1708201905
ਬਾਬਾ ਬਕਾਲਾ ਸਾਹਿਬ ਲਈ 50 ਲੱਖ ਰੁਪਏ ਦੇਣ ਅਤੇ ਹਸਪਤਾਲ ਵੱਡਾ ਕਰਨ ਦਾ ਐਲਾਨ
ਉਨਾਂ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਦੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੀ 550ਵੀਂ ਵਰੇਗੰਢ ਮੌਕੇ ਬਾਬੇ ਨਾਨਕ ਦੇ ਚਰਨ ਛੋਹ ਪ੍ਰਾਪਤ 70 ਪਿੰਡਾਂ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਹਰੇਕ ਪਿੰਡ ਨੂੰ 50-50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਛੇਤੀ ਹੀ ਜਿਲ੍ਹਾ ਗੁਰਦਾਸਪੁਰ ਵਿਚ ਗੰਨਾ ਖੋਜ ਕੇਂਦਰ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਗੰਨੇ ਦੀ ਖੇਤੀ ਨੂੰ ਵਪਾਰਕ ਪੱਧਰ ਉਤੇ ਕਰਨ ਵਿਚ ਵੱਡੀ ਸਹਾਇਤਾ ਅਤੇ ਅਗਵਾਈ ਮਿਲੇਗੀ। ਕੇਂਦਰ ਸਰਕਾਰ ਉਤੇ ਵਰ੍ਹਦੇ ਰੰਧਾਵਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਘੱਟ ਗਿਣਤੀਆਂ ਉਤੇ ਜ਼ੁਲਮ ਕਰ ਰਹੀ ਹੈ, ਜਿਸ ਦਾ ਅਸੀਂ ਡੱਟਵਾਂ ਵਿਰੋਧ ਕੀਤਾ ਹੈ ਅਤੇ ਕਰਦੇ ਰਹਾਂਗੇ।
    ਇਸ ਮੌਕੇ ਬੋਲਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ 20 ਅਗਸਤ ਤੋਂ ਰਾਜ ਦੇ 40 ਲੱਖ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਰਹੀ ਹੈ, ਜਿਸ ਤਹਿਤ ਇੰਨਾਂ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਲਈ ਰਾਜ ਦੇ 400 ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਸੂਚੀਬੱਧ ਕੀਤਾ ਗਿਆ ਹੈ, ਜਿੱਥੇ ਲੋਕਾਂ ਦਾ ਮੁਫ਼ਤ ਇਲਾਜ ਹੋ ਸਕੇਗਾ।ਉਨਾਂ ਦੱਸਿਆ ਕਿ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਸਰਕਾਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਅਤੇ ਘਾਟ ਨੂੰ ਪੂਰਾ ਕਰਨ ਲਈ ਸੇਵਾ ਮੁਕਤ ਡਾਕਟਰ ਨੂੰ ਵੀ ਦੁਬਾਰਾ ਮੌਕਾ ਦਿੱਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਰਹੱਦੀ ਪੱਟੀ ਅਤੇ ਹੋਰ ਦੂਰ-ਦੁਰਾਜ ਦੇ ਇਲਾਕਿਆਂ ਵਿਚ ਜਾਣ ਵਾਲੇ ਡਾਕਟਰਾਂ ਨੂੰ ਵਾਧੂ ਮਾਣ ਭੱਤਾ ਵੀ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਨੂੰ ਵੱਡਾ ਕਰਨ ਦਾ ਐਲਾਨ ਕਰਦੇ ਕਿਹਾ ਕਿ ਇਸ ਹਸਪਤਾਲ ਵਿਚ ਵੱਡੇ ਹਸਪਤਾਲਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨਾਂ ਵੀ ਕੇਂਦਰ ਸਰਕਾਰ ਉਤੇ ਨਿਸ਼ਾਨਾ ਸਾਧਦੇ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਸੰਵਧਾਨਿਕ ਸੰਸਥਾਵਾਂ ਨੂੰ ਹੌਲੀ-ਹੌਲੀ ਖਤਮ ਕਰ ਰਹੀ ਹੈ, ਜੋ ਕਿ ਦੇਸ਼ ਦੇ ਹਿੱਤ ਵਿਚ ਨਹੀਂ ਹੈ।
           
ਮੋਦੀ ਦਾ ਸਾਥ ਦੇ ਕੇ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਤੋਂ ਭੱਜਾ-ਡਿੰਪਾ
ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਸੰਬੋਧਨ ਵਿਚ ਜੰਮੂ-ਕਸ਼ਮੀਰ ਮੁੱਦੇ ਉਤੇ ਅਕਾਲੀ ਦਲ ਵੱਲੋਂ ਮੋਦੀ ਸਰਕਾਰ ਦਾ ਸਮਰੱਥ ਕਰਨ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਅਜਿਹਾ ਕਰਕੇ ਸ੍ਰੋਮਣੀ ਅਕਾਲੀ ਦਲ ਸ੍ਰੀ ਅੰਨਦਪੁਰ ਸਾਹਿਬ ਦੇ ਮਤੇ ਤੋਂ ਭੱਜ ਗਿਆ ਹੈ, ਜਿਸ ਨੂੰ ਅਧਾਰ ਬਣਾ ਕੇ ਇਹ ਹੁਣ ਤੱਕ ਲੋਕਾਂ ਦੀਆਂ ਵੋਟਾਂ ਲੈਂਦਾ ਰਿਹਾ ਹੈ।ਉਨਾਂ ਕਿਹਾ ਕਿ ਉਹ ਪਾਰਟੀ ਜੋ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦੀ ਸੀ ਅੱਜ ਆਪਣੇ ਨਿੱਜੀ ਹਿੱਤਾਂ ਲਈ ਰਾਜਾਂ ਤੋਂ ਮੁੱਢਲੇ ਅਧਿਕਾਰ ਖੋਹਣ ਵਾਲੀ ਪਾਰਟੀ ਦਾ ਸਾਥ ਦੇ ਰਹੀ ਹੈ।ਉਨਾਂ ਕਿਹਾ ਕਿ ਮੋਦੀ ਸਰਕਾਰ ਅਸਫਲ ਸਿੱਧ ਹੋਈ ਹੈ ਅਤੇ ਦੇਸ਼ ਆਰਥਿਕ ਮੰਦਹਾਲੀ ਵਿਚ ਜਾ ਰਿਹਾ ਹੈ।ਉਹ ਸਰਕਾਰ ਜਿਸਨੇ ਵਿਕਾਸ ਕਰਵਾਉਣਾ ਸੀ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਸਨ, ਦੇ ਰਾਜ ਵਿਚ ਆਟੋ ਸੈਕਟਰ ਤੋਂ ਲੱਖਾਂ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ।
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਕਿਹਾ ਕਿ ਅਸੀਂ ਮਾਝੇ ਦੇ ਦੋਵੇਂ ਸੰਸਦ ਮੈਂਬਰ ਤੁਹਾਡੀ ਅਵਾਜ਼ ਸੰਸਦ ਵਿਚ ਜ਼ੋਰ ਨਾਲ ਉਠਾ ਕੇ ਵੱਧ ਤੋਂ ਵੱਧ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੀ ਪ੍ਰਸੰਸਾ ਕਰਦੇ ਕਿਹਾ ਕਿ ਸਰਕਾਰ ਵਿੱਤੀ ਮੁਹਾਜ਼ ਉਤੇ ਸਫਲ ਹੋ ਰਹੀ ਹੈ ਅਤੇ ਕਰਜ਼ੇ ਹੇਠ ਦੱਬੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਵਿਚ ਸਫਲ ਹੋ ਰਹੀ ਹੈ।ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਇਸ ਮੌਕੇ ਆਈ ਹੋਈ ਸੰਗਤ ਦਾ ਧੰਨਵਾਦ ਅਤੇ ਪਹੁੰਚੀ ਲੀਡਰਸ਼ਿਪ ਨੂੰ `ਜੀ ਆਇਆਂ` ਕਿਹਾ।
                   ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ, ਹਰਪ੍ਰਤਾਪ ਸਿੰਘ ਅਜਨਾਲਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੁਖਵਿੰਦਰ ਸਿੰਘ ਸ਼ਾਹ ਚੇਅਰਮੈਨ, ਰਾਜਨ ਗਿਲ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਪ੍ਰਦੀਪ ਸਿੰਘ ਭਲਾਈਪੁਰ, ਗੁਰਕੰਵਲ ਸਿੰਘ, ਨਿਰਵੈਲ ਸਿੰਘ ਸਾਬੀ, ਰਵੀ ਚੀਮਾ, ਮਾਸਟਰ ਜਸਪਾਲ ਸਿੰਘ, ਹਰਜਿੰਦਰ ਸਿੰਘ ਅਤੇ ਹੋਰ ਨੇਤਾ ਵੀ ਹਾਜ਼ਰ ਸਨ।
 

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply