ਚੰਡੀਗੜ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਬਾਰੇ ਬੋਲੇ ਝੂਠ `ਤੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜਿਹਾ ਕਰ ਕੇ ਉਹ ਸਿੱਖ ਭਾਈਚਾਰੇ ਨੂੰ ਭੜਕਾਉਣ ਤੇ ਵੰਡਣ ਦੀ ਸਾਜਿਸ਼ ਰਚ ਰਿਹਾ ਹੈ।
ਰਾਜੀਵ ਗਾਂਧੀ ਦੀ 75ਵੀਂ ਜਨਮ ਵਰੇਗੰਢ ਮੌਕੇ ਅਕਾਲੀ ਦਲ ਪ੍ਰਧਾਨ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਕਿਧਰੇ ਵੀ 1984 ਦੇ ਦੰਗਿਆਂ ਦੌਰਾਨ ਆਇਆ ਅਤੇ ਨਾ ਹੀ ਬਾਅਦ ਵਿੱਚ ਆਇਆ ਸਗੋਂ ਇਹ ਕੂੜ ਪ੍ਰਚਾਰ ਭਾਜਪਾ ਤੇ ਅਕਾਲੀ ਦਲ ਵੱਲੋਂ ਸਿੱਖ ਵੋਟਾਂ ਲੈਣ ਲਈ ਉਤਾਵਲੇਪਣ ਵਿੱਚ ਕੀਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਲਗਾਤਾਰ ਇਸ ਮਾਮਲੇ ਵਿੱਚ ਝੂਠ ਬੋਲਦਿਆਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਇਹ ਸਿੱਧ ਕਰਦੀਆਂ ਹਨ ਕਿ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਅਤੇ ਰਾਜੀਵ ਗਾਂਧੀ ਦੀ ਮਾਤਾ ਇੰਦਰਾ ਗਾਂਧੀ ਦੀ ਦੁਖਦਾਈ ਹੱਤਿਆ ਤੋਂ ਬਾਅਦ ਵਾਪਰੇ ਘਟਨਾਕ੍ਰਮ ਪਿੱਛੇ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਦੇ ਘਟਨਾਕ੍ਰਮ ਨੂੰ ਚੇਤੇ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਉਸ ਵੇਲੇ ਦਿੱਲੀ ਵਿੱਚ ਨਹੀਂ ਸਨ ਅਤੇ ਉਨਾਂ ਨੂੰ ਆਪਣੀ ਮਾਤਾ ਦੀ ਹੱਤਿਆ ਦੀ ਖਬਰ ਪੱਛਮੀ ਬੰਗਾਲ ਵਿੱਚ ਹਵਾਈ ਅੱਡੇ `ਤੇ ਰੇਡੀਓ ਉਪਰ ਮਿਲੀ ਸੀ (ਉਸ ਵੇਲੇ ਕੋਈ ਮੋਬਾਈਲ ਆਦਿ ਹੋਰ ਤਾਂ ਹੁੰਦੇ ਨਹੀਂ ਸਨ)।ਉਨਾਂ ਸੁਖਬੀਰ ਬਾਦਲ ਨੂੰ ਇਸ ਮਾਮਲੇ `ਤੇ ਵਾਰ-ਵਾਰ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਭੰਡਿਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਹੱਕਾਂ ਦਾ ਰਾਖਾ ਕਹਿੰਦਾ ਹੈ, ਪਰ ਅਸਲੀਅਤ ਵਿੱਚ ਉਨਾਂ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸਿੱਖਾਂ ਲਈ ਕੁੱਝ ਨਹੀਂ ਕੀਤਾ ਬਲਕਿ ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ ਵਿੱਚ ਬੇਅਦਬੀ ਦੀਆਂ ਕਈ ਦੁਖਦਾਈ ਘਟਨਾਵਾਂ ਵਾਪਰੀਆਂ ਜਿਨਾਂ ਨੂੰ ਰੋਕਣ ਅਤੇ ਹੱਲ ਕਰਨ ਲਈ ਉਨਾਂ ਨੇ ਕੁਝ ਨਹੀਂ ਕੀਤਾ।ਰਾਜੀਵ ਗਾਂਧੀ ਦੀ ਜਨਮ ਵਰੇਗੰਢ ਵੇਲੇ ਹੀ ਅਕਾਲੀਆਂ ਵੱਲੋਂ ਲਾਏ ਜਾਣ ਵਾਲੇ ਇਹ ਦੋਸ਼ ਸਿਰਫ ਆਪਣੇ ਕੀਤੇ ਕੁਕਰਮਾਂ `ਤੇ ਪਰਦਾ ਪਾਉਣ ਦੀ ਇਕ ਕੋਸ਼ਿਸ਼ ਹੈ।
ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਜੰਮੂ ਕਸ਼ਮੀਰ ਸਿੰਘ ਧਾਰਾ 370 ਹਟਾਉਣ ਦੇ ਮਾਮਲੇ ਉਤੇ ਘੇਰਦਿਆਂ ਕਿਹਾ ਕਿ ਇਸ ਮਾਮਲੇ ਉਤੇ ਅਕਾਲੀ ਦਲ ਵੱਲੋਂ ਸਮਰਥਨ ਦੇਣਾ ਆਨੰਦਪੁਰ ਸਾਹਿਬ ਮਤੇ ਦੇ ਸਿਧਾਂਤਾਂ ਦੀ ਸ਼ਰਮਨਾਕ ਉਲੰਘਣਾ ਕਰਨਾ ਹੈ।ਉਨਾਂ ਕਿਹਾ ਕਿ ਕਸ਼ਮੀਰ ਘਟਨਾਕ੍ਰਮ ਉਤੇ ਸਮਰਥਨ ਦੇ ਕੇ ਅਕਾਲੀ ਦਲ ਨੇ ਸਿੱਧ ਕਰ ਦਿੱਤਾ ਹੈ ਕਿ ਉਨਾਂ ਨੂੰ ਦੇਸ਼ ਦੇ ਸੰਘੀ ਢਾਂਚੇ ਅਤੇ ਇਸ ਦੇ ਸੰਵਿਧਾਨ ਦੇ ਫਲਸਫ਼ੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ।ਉਨਾਂ ਕਿਹਾ ਕਿ ਆਨੰਦਪੁਰ ਸਾਹਿਬ ਦਾ ਮਤਾ ਦੇਸ਼ ਵਿੱਚ ਮਜ਼ਬੂਤ ਸੰਘੀ ਢਾਂਚਾ ਕਾਇਮ ਕਰਨ ਲਈ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਸੀ।
ਪਰਕਾਸ਼ ਸਿੰਘ ਬਾਦਲ ਵਲੋਂ ਇਸ ਮਾਮਲੇ ਉਤੇ ਵੱਟੀ ਚੁੱਪ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਅਕਾਲੀ ਦਲ ਹੁਣ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਐਸ.ਵਾਈ.ਐਲ ਤੋਂ ਲੈ ਕੇ 1984 ਦੇ ਦੰਗਿਆਂ ਤੱਕ ਪੰਜਾਬ ਦੇ ਲੋਕਾਂ ਦੇ ਹਰ ਭਲੇ ਦੀ ਗੱਲ ਉਤੇ ਪੰਜਾਬੀਆਂ ਨੂੰ ਗੁੰਮਰਾਹ ਕਰਦਿਆਂ ਉਨਾਂ ਨਾਲ ਪੈਰ-ਪੈਰ `ਤੇ ਧੋਖਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਦੇ ਨਿਰੰਤਰ ਝੂਠ ਬੋਲਣ ਕਾਰਨ ਹੀ ਉਨਾਂ ਦੀ ਪਾਰਟੀ ਲੋਕਾਂ ਤੋਂ ਦੂਰ ਗਈ ਹੈ ਅਤੇ ਇਸੇ ਕਾਰਨ ਹੀ ਲੋਕਾਂ ਨੇ ਅਕਾਲੀ ਦਲ ਨੂੰ ਰਾਜਸੀ ਤੌਰ ਉਤੇ ਪਹਿਲਾਂ ਹੀ ਨਕਾਰ ਦਿੱਤਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …