
ਅੰਮ੍ਰਿਤਸਰ, 22 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਮਿਤੀ 23-9-2014 ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ।ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 10:00 ਵਜੇ ਪੈਣਗੇ।ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿੱਚ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਸਿੱਖ ਗੁਰੂ ਸਾਹਿਬਾਨ, ਭਗਤ ਸਾਹਿਬਾਨ ਤੇ ਸ਼ਹੀਦਾਂ ਦੇ ਦਿਹਾੜੇ ਸ਼ਰਧਾ-ਭਾਵਨਾ ਨਾਲ ਮਨਾਉਂਦੀ ਹੈ।ਇਸੇ ਭਾਵਨਾ ਤਹਿਤ ਭਗਤ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ।ਸੰਗਤਾਂ ਨੂੰ ਅਪੀਲ ਹੈ ਕਿ ਭਗਤ ਸ਼ੇਖ ਫ਼ਰੀਦ ਜੀ ਦੇ ਜਨਮ ਦਿਹਾੜੇ ਮੌਕੇ ਪਰਿਵਾਰਾਂ ਸਮੇਤ ਗੁਰੂ-ਘਰ ਹਾਜ਼ਰੀਆਂ ਭਰ ਕੇ ਜੀਵਨ ਸਫ਼ਲਾ ਕਰਨ।
Punjab Post Daily Online Newspaper & Print Media