ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 5 ਟਰੱਕ ਰਵਾਨਾ ਕੀਤੇ
ਅੰਮ੍ਰਿਤਸਰ, 22 ਸਤੰਬਰ (ਪ੍ਰੀਤਮ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਜੰਮੂ-ਕਸ਼ਮੀਰ ਵਿਖੇ ਆਈ ਕੁਦਰਤੀ ਆਫ਼ਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਰਾਹਤ ਸਮੱਗਰੀ ਦੇ 5 ਟਰੱਕ ਰਵਾਨਾ ਕੀਤੇ। ਭਾਈ ਗੁਰਦਾਸ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਦੇਸ਼ ਵਿਚ ਕਿਤੇ ਵੀ ਕੁਦਰਤੀ ਆਫ਼ਤ ਆਵੇ ਤਾਂ ਪਹਿਲ ਦੇ ਅਧਾਰ ਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਸੁਨਾਮੀ, ਭੂਚਾਲ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਹੜ੍ਹ ਆਏ ਹੋਣ ਸ਼੍ਰੋਮਣੀ ਕਮੇਟੀ ਹਮੇਸ਼ਾਂ ਬਿਨ੍ਹਾਂ ਭੇਦ ਭਾਵ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ, ਬਡਗਾਮ ਵਿਖੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਰਾਹਤ ਕੈਂਪ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਲੰਗਰ ਦੇ ਨਾਲ-ਨਾਲ ਲੋੜ ਅਨੁਸਾਰ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਸ੍ਰੀਨਗਰ ਜਾਣ ਵਾਲੇ ਸਨ ਪਰੰਤੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਉਹ ਜਾ ਨਹੀਂ ਸਕੇ ਤੇ ਉਨ੍ਹਾਂ ਵੱਲੋਂ ਭੇਜੇ ਉੱਚ ਪੱਧਰੀ ਵਫ਼ਦ ਨੇ ਸ੍ਰੀਨਗਰ ਦੇ ਹਾਲਾਤਾਂ ਦਾ ਜਾਇਜਾ ਲੈ ਕੇ ਓਥੋਂ ਦੇ ਹੜ੍ਹ ਪੀੜਤਾਂ ਦੀਆਂ ਲੋੜਾਂ ਬਾਰੇ ਮੇਰੇ ਧਿਆਨ ਵਿਚ ਲਿਆਂਦਾ ਹੈ ਤੇ ਉਨ੍ਹਾਂ ਲੋੜਾਂ ਮੁਤਾਬਿਕ ਹੀ ਸ੍ਰੀਨਗਰ ਲਈ ਰਾਹਤ ਸਮੱਗਰੀ ਦੇ 5 ਟਰੱਕ ਜਿਨ੍ਹਾਂ ਵਿੱਚ ਚਾਵਲ 160 ਕੁਇੰਟਲ, ਖੰਡ 40 ਕੁਇੰਟਲ, ਦਾਲ 60 ਕੁਇੰਟਲ, ਪਿਆਜ 5 ਕੁਇੰਟਲ, ਰਸ 9 ਕੁਇੰਟਲ, ਆਲੂ 2 ਕੁਇੰਟਲ, ਚਾਹਪੱਤੀ 5 ਕੁਇੰਟਲ, ਭੁਜੀਆ 2 ਕੁਇੰਟਲ, ਬਿਸਕੁਟ 14 ਕੁਇੰਟਲ, ਸੁੱਕਾ ਦੁੱਧ 1 ਕੁਇੰਟਲ, ਰੀਫਾਇੰਡ 1 ਕੁਇੰਟਲ, ਹਲਦੀ 20 ਕਿੱਲੋ, ਮਿਰਚ 20 ਕਿੱਲੋ, ਗਰਮ ਮਸਾਲਾ 20 ਕਿੱਲੋ, ਕੁਰਕਰੇ 3 ਪੇਟੀਆਂ, ਟੋਫੀਆਂ 2 ਪੇਟੀਆਂ, ਬੱਚਿਆਂ ਲਈ ਬੋਤਲਾਂ ਦੁੱਧ ਵਾਲੀਆਂ 300 ਨਗ, ਸਾਬਣ ਅੰਗਰੇਜ਼ੀ 2 ਪੇਟੀਆਂ, ਸਾਬਣ ਦੇਸੀ 75 ਕਿੱਲੋ, ਕੰਬਲ 3000 ਨਗ ਤੇ ਕੋਟੀਆਂ 100 ਨਗ ਤੋਂ ਇਲਾਵਾ ਵੱਖ-ਵੱਖ ਸਾਈਜ਼ ਦੇ ਬੀਬੀਆਂ ਅਤੇ ਮਰਦਾਂ ਲਈ 41 ਤੋੜੇ ਕੱਪੜਿਆਂ ਦੇ ਰਵਾਨਾ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸੜਕੀ ਮਾਰਗ ਰਾਹੀਂ ਭੇਜੀ ਜਾ ਰਹੀ ਇਸ ਰਾਹਤ ਸਮੱਗਰੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ: ਸੁਖਦੇਵ ਸਿੰਘ, ਸ: ਚਰਨਜੀਤ ਸਿੰਘ, ਸ: ਹਰਚੰਦ ਸਿੰਘ, ਸ: ਜਗਬੀਰ ਸਿੰਘ ਸੁਪਰਵਾਈਜ਼ਰ ਤੇ ਸ: ਜਸਪਾਲ ਸਿੰਘ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਖੇ ਚਲਦੇ ਰਾਹਤ ਕੈਂਪ ਦੀ ਨਿਗਰਾਨੀ ਕਰ ਰਹੇ ਸਟਾਫ਼ ਅਤੇ ਅਧਿਕਾਰੀਆਂ ਨੂੰ ਹਫ਼ਤੇ ਬਾਅਦ ਤਬਦੀਲ ਕੀਤਾ ਜਾਂਦਾ ਹੈ ਤੇ ਅੱਜ ਹਵਾਈ ਜਹਾਜ ਰਾਹੀਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਰੂਪ ਸਿੰਘ ਤੇ ਸ: ਸਤਬੀਰ ਸਿੰਘ , ਸ: ਜਗਜੀਤ ਸਿੰਘ ਮੀਤ ਸਕੱਤਰ ਤੇ ਯਾਤਰਾ ਵਿਭਾਗ ਦੇ ਇੰਚਾਰਜ ਸ: ਪ੍ਰਵਿੰਦਰ ਸਿੰਘ ਨੂੰ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਹੁਰੀਅਤ ਨੇਤਾ ਸਈਅਦ ਅਲੀ ਗਿਲਾਨੀ ਨੇ ਆਪਣੇ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਲਈ ਮੇਰੇ ਨਾਮ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਪਾਸੋਂ ਮਦਦ ਮੰਗੀ ਸੀ ਤੇ ਉਨ੍ਹਾਂ ਵੱਲੋਂ ਕੀਤੀ ਮੰਗ ਦੇ ਅਧਾਰ ਤੇ ਮੁਸਲਮਾਨ ਭਰਾਵਾਂ ਲਈ ਇਨ੍ਹਾਂ ਪੰਜ ਟਰੱਕ ਰਾਹਤ ਸਮੱਗਰੀ ਵਿਚੋਂ ਦੋ ਟਰੱਕ ਸਪੈਸ਼ਲ ਜਿਸ ਵਿੱਚ ਦਵਾਈਆਂ, ਬੱਚਿਆਂ ਲਈ ਦਵਾਈਆਂ ਤੇ ਸੈਰੀਲਕ ਆਦਿ, ਚੌਲ, ਦਾਲਾਂ, ਖੰਡ, ਚਾਹਪੱਤੀ, ਰਸ, ਬਿਸਕੁਟ ਤੇ ਕੰਬਲ ਆਦਿ ਬਹੁ ਗਿਣਤੀ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਜਿੰਨੀ ਦੇਰ ਤੀਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀਤੇ ਐਲਾਨ ਮੁਤਾਬਿਕ ਬਿਨਾ ਭੇਦ-ਭਾਵ ਹੜ੍ਹ ਪੀੜਤਾਂ ਦੀ ਮਦਦ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਅੱਗੋਂ ਸਰਦੀ ਦਾ ਮੌਸਮ ਆ ਰਿਹਾ ਹੈ ਤੇ ਜਲਦੀ ਹੀ ਰਜਾਈਆਂ, ਤਲਾਈਆਂ ਅਤੇ ਕੰਬਲ ਆਦਿ ਹੋਰ ਭੇਜੇ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਹੜ੍ਹ ਪੀੜਤਾਂ ਲਈ ਜਲਦੀ ਤੋਂ ਜਲਦੀ ਨਵੀਆਂ ਰਜਾਈਆਂ, ਤਲਾਈਆਂ, ਕੰਬਲ ਤੇ ਗਰਮ ਕੱਪੜੇ ਆਦਿ ਭੇਜੇ ਜਾਣ ਤਾਂ ਕਿ ਸ਼੍ਰੋਮਣੀ ਕਮੇਟੀ ਮੁਸੀਬਤ ਦੇ ਮਾਰੇ ਆਪਣੇ ਭਰਾਵਾਂ ਦੀ ਮਦਦ ਕਰ ਸਕੇ। ਪੱਤਰਕਾਰਾਂ ਨਾਲ ਵਾਰਤਾ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਲੋਕਾਂ ਦੇ ਮੁੜ ਵਸੇਬੇ ਵਾਸਤੇ ਵੀ ਸ਼੍ਰੋਮਣੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਉਪਰਾਲੇ ਵਿੱਢੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੇ ਜਿਹੜੇ ਬੱਚੇ ਬੱਚੀਆਂ ਵਿਦਿਆ ਪ੍ਰਾਪਤ ਕਰ ਰਹੇ ਹਨ ਉਨ੍ਹਾਂ ਨੂੰ 5-5- ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਉਹ ਖੁਦ ਵੀ ਜੰਮੂ-ਕਸ਼ਮੀਰ ਦੇ ਇਲਾਕਿਆਂ ਦਾ ਜਾਇਜਾ ਲੈਣਗੇ। ਇਸ ਮੌਕੇ ਸ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ: ਪ੍ਰਮਜੀਤ ਸਿੰਘ ਸਰੋਆ ਤੇ ਸ: ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ, ਸ: ਸਤਿੰਦਰ ਸਿੰਘ ਨਿਜੀ ਸਹਾਇਕ, ਸ: ਸਕੱਤਰ ਸਿੰਘ ਮੀਤ ਸਕੱਤਰ, ਸ: ਪ੍ਰਤਾਪ ਸਿੰਘ ਮੈਨੇਜਰ, ਸ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ: ਇੰਦਰ ਮੋਹਣ ਸਿੰਘ ‘ਅਨਜਾਣ’, ਸ: ਜਗਤਾਰ ਸਿੰਘ ਮੀਤ ਮੈਨੇਜਰ , ਸ: ਭੁਪਿੰਦਰ ਸਿੰਘ ਇੰਚਾਰਜ ਲੰਗਰ ਆਦਿ ਹਾਜ਼ਰ ਸਨ।