ਪੁਰਾਣੀਆਂ ਖੁਰਾਕਾਂ ਤੇ ਕਿਰਤ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ- ਦੱਤੀ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਪੋਸ਼ਣ ਮਹੀਨੇ ਦੀ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਆਸ਼ਾ ਵਰਕਰਾਂ ਦੇ ਮੁੱਦੇ ਲੋਕ ਸਭਾ ਵਿਚ ਉਠਾਉਣ ਦਾ ਭਰੋਸਾ ਦਿੱਤਾ ਉਥੇ ਚੰਗੀ ਖੁਰਾਕ ਦੀ ਮਹੱਤਤਾ ਅਤੇ ਕਿਰਦਾਰ ਉਸਾਰੀ ਵਰਗੇ ਵਿਸ਼ਿਆਂ ਨੂੰ ਸਕੂਲੀ ਪੜ੍ਹਾਈ ਦਾ ਵਿਸ਼ਾ ਬਨਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਾਲ ਰੋਡ ਵਿਖੇ ਪੋਸ਼ਣ ਮਹੀਨੇ ਦੀ ਸ਼ੁਰੂਆਤ ਲਈ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਔਜਲਾ ਨੇ ਕਿਹਾ ਕਿ ਅੱਜ ਜਿੰਨਾ ਮੁੱਦਿਆਂ ਉਤੇ ਸਰਕਾਰਾਂ ਨੂੰ ਜਾਗਰੂਕਤਾ ਫੈਲਾਉਣ ਦੀ ਲੋੜ ਪੈ ਰਹੀ ਹੈ, ਉਹ ਗੱਲ ਸਾਡੇ ਪੁਰਾਣੇ ਸਮਾਜ ਦੇ ਅਚੇਤ ਮਨ ਹੀ ਵੱਸੀਆਂ ਸਨ।ਹਰ ਕੋਈ ਚੰਗੀ ਖੁਰਾਕ ਖਾਣ ਤੇ ਕੰਮ ਕਰਨ ਦਾ ਆਦੀ ਸੀ, ਜਿਸ ਸਦਕਾ ਸਿਹਤ ਪੱਖ ਤੋਂ ਪੰਜਾਬ ਨੂੰ ਕੋਈ ਸਮੱਸਿਆ ਨਹੀਂ ਸੀ, ਪਰ ਨੌਜਵਾਨ ਪੀੜ੍ਹੀ ਦੇ ਪੱਛਮੀ ਸਭਿਆਚਾਰ ਦੇ ਬੁਰੇ ਪ੍ਰਭਾਵਾਂ ਹੇਠ ਆਉਣ ਕਾਰਨ ਜਿੱਥੇ ਖਾਣ-ਪੀਣ ਬਦਲ ਗਿਆ ਹੈ, ਉਥੇ ਹੱਥੀਂਂ ਕੰਮ ਕਰਨ ਦੀ ਆਦਤ ਵੀ ਜਾਂਦੀ ਰਹੀ ਹੈ।ਇਸ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਹਤ ਰੂਪੀ ਕੁਦਰਤੀ ਵਰਦਾਨ ਤੋਂ ਵਿਰਵੀਆਂ ਹੋ ਰਹੀਆਂ ਹਨ।ਔਜਲਾ ਨੇ ਘਰ ਦੀਆਂ ਸਬਜ਼ੀਆਂ, ਫਲ ਪੈਦਾ ਕਰਨ ਅਤੇ ਦੁਧਾਰੂ ਪਸ਼ੂ ਪਾਲਣ ਦੀ ਲੋੜ `ਤੇ ਕੇਂਦਰਿਤ ਹੁੰਦੇ ਕਿਹਾ ਕਿ ਸਾਡੇ ਲੋਕਾਂ ਦੀ ਖ਼ੁਦਗਰਜੀ ਕਾਰਨ ਅੱਜ ਬਹੁਤੇ ਘਰ ਅਜਿਹੀਆਂ ਵਸਤਾਂ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਹਲਕਾ ਉਤਰੀ ਦੇ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਸਾਨੂੰ ਪੁਰਾਣੀ ਖੁਰਾਕਾਂ ਅਤੇ ਸਾਡੇ ਰਿਵਾਇਤੀ ਕਿਰਤ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅੱਜ ਅਸੀਂ ਸਾਫ-ਸੁਥਰਾ ਪਹਿਨਣ ਦੇ ਸ਼ੌਕੀਨ ਤਾਂ ਬਣ ਗਏ ਹਾਂ, ਪਰ ਖੁਰਾਕੀ ਪੱਖ ਨੂੰ ਬਿਲਕੁੱਲ ਵਿਸਾਰ ਦਿੱਤਾ ਹੈ, ਜਿਸ ਸਦਕਾ ਦਿਨ ਬ ਦਿਨ ਸਰੀਰਕ ਪੱਖ ਤੋਂ ਸਾਡੇ ਨਾਗਰਿਕ ਕਮਜ਼ੋਰ ਹੋ ਰਹੇ ਹਨ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਇਸ ਮੌਕੇ ਆਏ ਮਹਿਮਾਨਾਂ, ਡਾਕਟਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਫਲਾਂ ਦੇ ਬੂਟੇ ਵੰਡ ਕੇ ਘਰ-ਘਰ ਫਲਦਾਰ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਗਿਆ।ਮਹਿਮਾਨਾਂ ਨੇ ਪਹਿਲੀ ਵਾਰ ਬਾਹਰੀ ਖੁਰਾਕ ਲੈਣ ਵਾਲੇ 6 ਮਹੀਨਿਆਂ ਦੇ ਬੱਚਿਆਂ ਨੂੰ ਦਲੀਆ ਅਤੇ ਗਰਭਵਤੀ ਔਰਤਾਂ ਨੂੰ ਫਲ, ਸਬਜੀਆਂ ਤੇ ਦੁੱਧ ਦੀਆਂ ਟੋਕਰੀਆਂ ਨਾਲ ਸਨਮਾਨਿਤ ਕੀਤਾ। ਸਟੇਟ ਐਵਾਰਡੀ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਅਤੇ ਡਾਕਟਰ ਭਾਰਤੀ ਵੱਲੋਂ ਪੋਸ਼ਟਿਕ ਖੁਰਾਕ ਦੇ ਵਿਸ਼ੇ ਅਤੇ ਪੋਸ਼ਣ ਮਹੀਨੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਡੀ.ਏ.ਵੀ ਅਤੇ ਮਾਲ ਰੋਡ ਸਕੂਲ ਦੇ ਬੱਚਿਆਂ ਵੱਲੋਂ ਪੋਸ਼ਣ ਵਿਸ਼ੇ ਉਤੇ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਸ ਮੌਕੇ ਬੱਚੀਆਂ ਨੂੰ ਆਇਰਨ, ਫੋਲਿਕ ਐਸਿਡ ਅਤੇ ਸੈਨੇਟਰੀ ਨੈਪਕਿਨ ਵੀ ਵੰਡੇ ਗਏ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਜਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਡਿਪਟੀ ਡਾਇਰੈਕਟ ਬਾਗਬਾਨੀ ਡਾ. ਬਾਜ਼ ਸਿੰਘ, ਪ੍ਰਿੰਸੀਪਲ ਮਨਦੀਪ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media