ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵਲੋਂ ਹਲਕਾ ਪਠਾਨਕੋਟ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ ਸਹਿਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨ ਮਗਰੋਂ ਕੀਤਾ।ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਨਰੇਸ ਕੁਮਾਰ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਆਦਿ ਇਸ ਸਮੇਂ ਹਾਜ਼ਰ ਸਨ।
ਹਲਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੱਕੀ ਰੇਲਵੇ ਸਟੇਸ਼ਨ ਵਿਖੇ ਬਣਾਏ ਜਾਣ ਵਾਲੇ ਆਰ.ਓ.ਬੀ ਤੋਂ ਇਲਾਵਾ ਰੇਲਵੇ ਫਾਟਕ ਦੇ ਹੇਠਾਂ ਇੱਕ ਰਸਤਾ ਵੀ ਕੱਢਿਆ ਜਾਵੇਗਾ।ਇਨ੍ਹਾਂ ਕਾਰਜਾਂ ਨਾਲ ਇਸ ਮਾਰਗ ਤੇ ਆਉਣ ਜਾਣ ਵਾਲੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਸਮੱਸਿਆ ਦਾ ਹੱਲ ਹੋ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਲੂੰਗਾ ਵਿਖੇ ਬਣਾਏ ਜਾਣ ਵਾਲੇ ਆਰ.ਯੂ.ਬੀ ਦਾ ਵੀ ਜਲਦੀ ਕੰਮ ਸੁਰੂ ਕੀਤਾ ਜਾਵੇਗਾ।ਉਨ੍ਰਾਂ ਕਿਹਾ ਕਿ ਇਨ੍ਹਾਂ ਦੋਨੋ ਕਾਰਜਾਂ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਦੋਨੋ ਕਾਰਜਾਂ ਦੀ ਡਰਾਇੰਗ ਪਾਸ ਕਰ ਦਿੱਤੀ ਗਈ ਹੈ ਅੱਗੇ ਦੀ ਕਾਰਵਾਈ ਜਲਦੀ ਹੀ ਸੁਰੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਹਿਰ ਦੇ ਲੋਕਾਂ ਦੀ ਸੁਵਿਧਾ ਲਈ ਛੋਟੀ ਲਾਈਨ ਨੂੰ ਪਿੱਲਰਾਂ `ਤੇ ਚੁੱਕਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਵਾਰ ਵਾਰ ਫਾਟਕ ਬੰਦ ਹੋਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
Punjab Post Daily Online Newspaper & Print Media