300 ਤੋਂ ਜ਼ਿਆਦਾ ਰੋਗਾਂ ਲਈ ਲਾਭਕਾਰੀ ਹੈ ਸੁਹੰਜਣਾ- ਹਰਦਿਆਲ ਸਿੰਘ ਘਰਿਆਲਾ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਪੋਸ਼ਣ ਮੁਹਿੰਮ ਸਤੰਬਰ ਮਹੀਨੇ ਚਲਾਈ ਜਾ ਰਹੀ ਹੈ, ਜਿਸ
ਤਹਿਤ ਘਰ-ਘਰ ਪੌਸ਼ਟਿਕ ਭੋਜਨ ਬਾਰੇ ਜਾਗਰੂਕਤਾ ਚਲਾਈ ਜਾ ਰਹੀ ਹੈ। ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾ ਕੇ ਸ਼ੁਧ ਵਾਤਾਵਰਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਜੰਗਲਾਤ ਵਿਭਾਗ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਿਲ੍ਹਾ ਵਾਸੀਆਂ ਨੂੰ ਹੋਰ ਦਰਖਤਾਂ ਦੇ ਨਾਲ-ਨਾਲ ਸਹੁੰਜਣੇ ਦਾ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਹੈ।ਉਨਾਂ ਦੱਸਿਆ ਕਿ ਇਹ ਬੂਟਾ ਸਾਡੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਕੈਲਸ਼ੀਅਮ, ਵਿਟਾਮਿਨ ਦਾ ਵੱਡਾ ਸੋਮਾ ਹੈ ਅਤੇ ਸਰੀਰ ਨੂੰ 300 ਤੋਂ ਜ਼ਿਆਦਾ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
ਇਸ ਬੂਟੇ ਨੂੰ ਪੰਜਾਬ ਦੇ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਸਾਬਕਾ ਖੇਤੀਬਾੜੀ ਅਧਿਕਾਰੀ ਹਰਦਿਆਲ ਸਿੰਘ ਘਰਿਆਲਾ ਨੇ ਇਸ ਬੂਟੇ ਦੇ ਗੁਣਾਂ ਬਾਰੇ ਬੋਲਦੇ ਦੱਸਿਆ ਕਿ ਪੰਜਾਬ ਵਿਚ ਦੁੱਧ-ਘਿਉ ਦੀਆਂ ਨਹਿਰਾਂ ਦਾ ਵੇਲਾ ਵਹਾਅ ਚੁੱਕਾ ਹੈ, ਇਕ ਤਾਂ ਸ਼ੁਧ ਦੁੱਧ ਦੀ ਘਾਟ ਹੈ ਅਤੇ ਦੂਸਰਾ ਡਾਕਟਰਾਂ ਵੱਲੋਂ ਕੰਮ-ਧੰਦੇ ਦੇ ਬਦਲਦੇ ਤਰੀਕਿਆਂ ਕਾਰਨ ਅਰਾਮਦਾਇਕ ਜਿੰਦਗੀ ਜਿੳੂਣ ਵਾਲੇ ਲੋਕਾਂ ਨੂੰ ਦੁੱਧ-ਘਿਉ ਤੋਂ ਵਰਜਿਆ ਜਾ ਰਿਹਾ ਹੈ, ਅਜਿਹੇ ਵਿਚ ਜ਼ਰੂਰੀ ਹੈ ਕਿ ਖੁਰਾਕ ਦੇ ਦੂਸਰੇ ਬਦਲ ਅਪਨਾਏ ਜਾਣ।ਉਨਾਂ ਕਿਹਾ ਕਿ ਇੰਨਾਂ ਬਦਲਾਂ ਵਿਚੋਂ ਹੀ ਇਕ ਹੈ ਸੁਹੰਜਣੇ ਦਾ ਦਰੱਖਤ, ਜਿਸ ਦਾ ਬਟਾਨੀਕਲ ਨਾਮ ਮੋਰਿੰਗਾ ਹੈ ਅਤੇ ਇਸ ਨੂੰ ਡਰੰਮ ਸਟਿਕ ਵੀ ਕਿਹਾ ਜਾਂਦਾ ਹੈ।ਉਨਾਂ ਦੱਸਿਆ ਕਿ ਇਸ ਦੇ ਪੱਤਿਆਂ ਵਿਚ ਦੁੱਧ ਨਾਲੋਂ ਚਾਰ ਗੁਣਾ ਵਧੇਰੇ ਕੈਲਸ਼ੀਅਮ, ਗਾਜਰ ਨਾਲੋਂ ਚਾਰ ਗੁਣਾ ਵਧੇਰੇ ਵਿਟਾਮਿਨ ਏ, ਬਦਾਮ ਨਾਲੋਂ ਤਿੰਨ ਗੁਣਾ ਵੱਧ ਵਿਟਾਇਨ ਈ, ਸੰਤਰੇ ਨਾਲੋਂ ਸੱਤ ਗੁਣਾ ਵੱਧ ਵਿਟਾਮਿਨ ਸੀ ਹੁੰਦਾ ਹੈ।ਉਨਾਂ ਦਾ ਮੰਨਣਾ ਹੈ ਕਿ ਪੰਜਾਬ ਦਾ ਹਰੇਕ ਘਰ ਦੁੱਧ ਲਈ ਮੱਝ ਤਾਂ ਥਾਂ ਅਤੇ ਰੁਝੇਵੇ ਦੀ ਘਾਟ ਕਾਰਨ ਨਹੀਂ ਰੱਖ ਸਕਦਾ, ਪਰ ਇਹ ਬੂਟਾ ਲਗਾ ਕੇ ਆਪਣੀ ਖੁਰਾਕ ਦੀ ਪੂਰਤੀ ਕਰ ਸਕਦਾ ਹੈ।
ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਦੇ ਰੋਗ ਤੱਕ ਠੀਕ ਹੁੰਦੇ ਹਨ ਅਤੇ ਇਹ ਪੇਟ ਦੀਆਂ ਵੀ ਅਨੇਕਾਂ ਬਿਮਾਰੀਆਂ ਲਈ ਲਾਭਦਾਇਕ ਹੈ।ਇਹ ਸਰੀਰਕ ਤਾਕਤ ਵਧਾਉਣ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ।ਗਰਭਵਤੀ ਔਰਤਾਂ ਅਤੇ ਤਿੰਨ ਸਾਲ ਤੱਕ ਦੇ ਬੱਚਿਆਂ ਲਈ ਇਸ ਦੇ ਪੱਤਿਆਂ, ਫਲੀਆਂ ਨੂੰ ਖਾਣਾ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਤੋਂ ਇਲਾਵਾ ਇਸ ਦੇ ਤਣੇ ਦਾ ਸੱਕ ਦੰਦਾਂ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ।ਸੁਹੰਜਣਾ ਗਠੀਏ ਤੇ ਜੋੜਾਂ ਦੇ ਦਰਦਾਂ ਲਈ ਵੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਅਤੇ ਮੋਟਾਪੇ ਨੂੰ ਘਟਾਉਣ ਲਈ ਵੀ ਇਹ ਕਾਰਗਰ ਹੈ।
ਇਸ ਨੂੰ ਖਾਣ ਬਾਰੇ ਦੱਸਦੇ ਉਨਾਂ ਕਿਹਾ ਕਿ ਇਸ ਦੇ ਪੱਤਿਆਂ ਨੂੰ ਛਾਂ ਹੇਠ ਸੁਕਾ ਕੇ ਪੀਸ ਕੇ ਪਾੳੂਡਰ ਬਣਾ ਲਵੋ ਅਤੇ ਇਕ ਤੋਂ ਦੋ ਚਮਚ ਰੋਜ਼ਾਨਾ ਖਾਧਾ ਜਾ ਸਕਦਾ ਹੈ।ਇਸ ਦੀਆਂ ਫਲੀਆਂ ਤੋਂ ਸਬਜ਼ੀ ਅਤੇ ਅਚਾਰ ਬਣਾ ਕੇ ਖਾਧਾ ਜਾ ਸਕਦਾ ਹੈ, ਜੋ ਕਿ ਸਿਹਤ ਲਈ ਬਹੁਤ ਲਾਭਦਾਇਕ ਹਨ।ਇਹ ਬੂਟਾ ਪੰਜਾਬ ਵਿਚ ਅਸਾਨੀ ਨਾਲ ਵੱਧਦਾ-ਫੁਲਦਾ ਹੈ ਅਤੇ ਅੱਜਕਲ ਦੇ ਮਹੀਨਿਆਂ ਵਿੱਚ ਇਹ ਅਸਾਨੀ ਨਾਲ ਹੋ ਸਕਦਾ ਹੈ।ਇਹ ਬੂਟਾ ਇੱਕ ਸਾਲ ਵਿਚ ਹੀ ਬਹੁਤ ਵੱਧ ਜਾਂਦਾ ਹੈ।ਪੰਜਾਬ ਦੀਆਂ ਸਰਕਾਰੀ ਨਰਸਰੀਆਂ ਤੋਂ ਵੀ ਇਹ ਬੂਟਾ ਮਿਲ ਰਿਹਾ ਹੈ, ਸੋ ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media