ਚੰਡੀਗੜ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਕੈਬੀਨੇਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੀ ਅਗਵਾਈ ਹੇਠ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ, ਹੁਸ਼ਿਆਰਪੁਰ
ਦਾ ਗਠਨ ਕੀਤਾ ਗਿਆ।ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।ਉਹਨਾਂ ਕਿਹਾ ਕਿ ਇਸ ਸਬੰਧੀ ਸਾਲ ਦੇ ਸ਼ੁਰੂ `ਚ ਜਾਰੀ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਜਾਰੀ ਕਰ ਦਿੱਤਾ ਗਿਆ ਹੈ।ਇਸ ਕਮੇਟੀ ਦਾ ਕਾਰਜਕਾਲ 3 ਸਾਲ ਹੋਵੇਗਾ, ਪਰ ਸਰਕਾਰ ਵਲੋਂ ਕਿਸੇ ਵੀ ਸਮੇਂ ਇਸ ਕਮੇਟੀ ਨੂੰ ਰੱਦ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਮੈਂਬਰ ਦੀ ਨਾਮਜਦਗੀ ਖਾਰਜ਼ ਕੀਤੀ ਜਾ ਸਕਦੀ ਹੈ।
ਇਸ ਕਮੇਟੀ ਵਿੱਚ ਚੇਅਰਪਰਸਨ ਤੋਂ ਇਲਾਵਾ, ਸਥਾਨਕ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਸਰਕਾਰੀ ਮੈਂਬਰਾਂ ਵਜੋਂ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ ਸਕੱਤਰ ਵਜੋਂ ਸ਼ਾਮਲ ਹਨ।ਮੈਂਬਰਾਂ ਵਿੱਚ ਉਸ ਇਲਾਕੇ ਦੇ ਸੰਸਦ ਮੈਂਬਰ ਦੇ ਨਾਲ-ਨਾਲ ਜਿਲੇ ਦੇ 6 ਵਿਧਾਇਕ ਸ਼ਾਮਲ ਹਨ।ਇਸ ਤੋਂ ਇਲਾਵਾ ਮੈਂਬਰਾਂ ਵਿੱਚ ਜਿਲਾ ਪਰਿਸ਼ਦ, ਹੁਸ਼ਿਆਰਪੁਰ ਦੇ ਚੇਅਰਮੈਨ, ਜਿਲਾ ਸੈਨਿਕ ਬੋਰਡ ਦੇ ਉਪ-ਪ੍ਰਧਾਨ ਅਤੇ ਨਗਰ ਨਿਗਮ/ਕਮੇਟੀ ਦੇ ਮੁੱਖੀ ਵੀ ਸ਼ਾਮਲ ਹਨ।
ਕਮੇਟੀ ਦੇ ਗੈਰ-ਸਰਕਾਰੀ ਮੈਂਬਰਾਂ ਵਿੱਚ 7 ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਆਪ, ਸੀ.ਪੀ.ਆਈ, ਸੀ.ਪੀ.ਆਈ (ਐਮ) ਅਤੇ ਬੀ.ਐਸ.ਪੀ ਦਾ ਇਕ-ਇਕ ਨੁਮਾਇੰਦਾ ਅਤੇ ਇਲਾਕੇ ਦੇ ਮੰਤਰੀ ਦੇ ਇਕ ਨੁਮਾਇੰਦੇ ਤੋਂ ਇਲਾਵਾ ਆਜਾਦੀ ਘੁਲਾਟੀਏ, ਸੇਵਾਮੁਕਤ ਫੌਜੀ, ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਮਹਿਲਾ ਵਰਗ, ਨੌਜਵਾਨ ਵਰਗ, ਬਾਜ਼ੀਗਰ, ਰਾਏ ਸਿੱਖ ਵਰਗਾਂ ਤੋਂ ਇੱਕ-ਇੱਕ ਅਤੇ ਵਿਮੁਕਤ ਜਾਤੀ ਕੰਬੋਜ ਤੋਂ 2 ਨੁਮਾਇੰਦੇ ਸ਼ਾਮਲ ਹਨ।ਇਹਨਾਂ ਤੋਂ ਇਲਾਵਾ ਕਮੇਟੀ ਵਿੱਚ ਮੁਸਲਮਾਨ, ਇਸਾਈ, ਬਾਲਮੀਕੀ, ਮਜਬੀ ਸਿੱਖ ਭਾਈਚਾਰੇ ਤੋਂ ਇੱਕ-ਇੱਕ ਅਤੇ ਇੱਕ ਐਨ.ਆਰ.ਆਈ ਸ਼ਾਮਲ ਹੈ।
ਇਸ ਤੋਂ ਇਲਾਵਾ ਹੋਰ 7 ਮੈਂਬਰਾਂ ਵਿੱਚ 2 ਸਮਾਜ ਸੇਵੀ ਅਤੇ ਵਪਾਰ, ਸਨਅਤ, ਖੇਤੀਬਾੜੀ, ਨੰਬਰਦਾਰ ਅਤੇ ਭਾਰਤੀ ਕਿਸਾਨ ਯੂਨੀਅਨ ਦਾ ਇੱਕ-ਇੱਕ ਮੈਂਬਰ ਸ਼ਾਮਲ ਹੈ।ਗੈਰ-ਸਰਕਾਰੀ ਮੈਂਬਰਾਂ ਵਿੱਚ 8 ਵਿਸ਼ੇਸ਼ ਮਹਿਮਾਨ ਵੀ ਸ਼ਾਮਲ ਹਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media