ਜਿਲਾ ਹਸਪਤਾਲ ਪਠਾਨਕੋਟ ਦੀ ਝੋਲੀ ਪਹਿਲਾ ਇਨਾਮ
ਚੰਡੀਗੜ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਇੱਕ ਸਮਾਗਮ ਦੌਰਾਨ ਸਰਕਾਰੀ

ਹਸਪਤਾਲਾਂ ਨੂੰ ਬਿਹਤਰੀਨ ਮੈਡੀਕਲ ਸੇਵਾਵਾਂ ਬਦਲੇ ਸਾਲ 2018-19 ਲਈ ਰਾਜ ਪੱਧਰੀ ਕਾਇਆ ਕਲਪ ਸਵੱਛ ਭਾਰਤ ਅਭਿਆਨ ਪੁਰਸਕਾਰਾਂ ਦੀ ਵੰਡ ਕੀਤੀ ਗਈ।
ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਇਨਾਂ ਪੁਰਸਕਾਰਾਂ ਦਾ ਮਕਸਦ ਸਰਵੋਤਮ ਮੈਡੀਕਲ ਸੇਵਾਵਾਂ ਨੂੰ ਮੈਡੀਕਲ ਖੇਤਰ ਦਾ ਅਟੁੱਟ ਅੰਗ ਬਣਾਉਣਾ ਹੈ।ਉਨਾਂ ਦੱੱਸਿਆ ਕਿ ਇਹ ਪੁਰਸਕਾਰ ਸਰਕਾਰੀ ਹਸਪਤਾਲਾਂ ਵਿਚ ਸਾਫ-ਸਫਾਈ, ਸਵੱਛਤਾ, ਕੂੂੜੇ ਦਾ ਢੁਕਵਾਂ ਪ੍ਰਬੰਧਨ, ਸਹਾਇਕ ਸੇਵਾਵਾਂ ਤੇ ਹੋਰ ਸ਼ਾਨਦਾਰ ਸੇਵਾਵਾਂ ਜਿਹੇ ਮਾਪਦੰਡਾਂ ਦੇ ਆਧਾਰ ’ਤੇ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕਰ ਕੇ ਸੂਬਾ ਵਾਸੀਆਂ ਦੀ ਸਿਹਤਯਾਬੀ ਲਈ ਵਾਅਦਾ ਨਿਭਾਇਆ ਹੈ।ਉਨਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਦੀ ਲਗਭਗ 80 ਫੀਸਦੀ ਆਬਾਦੀ ਨੂੰ ਲਿਆਂਦਾ ਗਿਆ ਹੈ, ਇਸ ਤਰਾਂ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।ਇਸ ਸਕੀਮ ਅਧੀਨ 1396 ਤਰਾਂ ਦੀਆਂ ਬਿਮਾਰੀਆਂ ਨੂੰ ਕਵਰ ਕਰ ਕੇ ਪ੍ਰਤੀ ਪਰਿਵਾਰ ਪੰਜ ਲੱਖ ਸਾਲਾਨਾ ਨਕਦੀ ਰਹਿਤ ਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ।ਇਹ ਸਹੂਲਤ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਤੋਂਂ ਮਿਲ ਰਹੀ ਹੈ।
ਉਨਾਂ ਆਖਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਸਰਕਾਰ ਵਲੋਂ 81 ਮਾਹਿਰ ਡਾਕਟਰ ਭਰਤੀ ਕੀਤੇ ਜਾ ਚੱਕੇ ਹਨ।ਹਰਿਆਣਾ ਦੀ ਤਰਜ਼ ’ਤੇ ਪੰਜਾਬ ਸਰਕਾਰ ਛੇਤੀ ਹੀ 58 ਤੋਂ 62 ਸਾਲ ਤੱਕ ਦੇ ਮਾਹਿਰ ਡਾਕਟਰਾਂ ਦੀਆਂ ਮੁੜ ਸੇਵਾਵਾਂ ਲਿਆ ਕਰੇਗੀ ਤਾਂ ਜੋ ਵੱਧ ਤੋਂ ਵੱਧ ਮਰੀਜ਼ਾਂ ਨੂੰ ਮਾਹਿਰਾਂ ਦੀਆਂ ਸੇਵਾਵਾਂ ਲੈ ਸਕਣ।ਉਨਾਂ ਕਿਹਾ ਕਿ ਸਰਕਾਰ ਵਲੋਂ ਹੁਣੇ ਜਿਹੇ 118 ਆਯੂਰਵੈਦਿਕ ਮੈਡੀਕਲ ਅਫਸਰ ਲਾਏ ਗਏ ਹਨ ਤਾਂ ਜੋ ਆਯੁਰਵੈਦਿਕ ਸੇਵਾਵਾਂ ਨੂੰ ਹੁਲਾਰਾ ਮਿਲ ਸਕੇ ਅਤੇ ਹੁਣ ਸਰਕਾਰੀ ਆਯੁਰਵੈਦਿਕ ਹਸਪਤਾਲਾਂ ਨੂੰ ਅਪਗਰੇਡ ਕਰਨ ਵੱਲ ਸਰਕਾਰ ਕਦਮ ਵਧਾ ਰਹੀ ਹੈ।
ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸਰਕਾਰ ਨੇ ਪੀ.ਸੀ.ਐਮ.ਐਸ ਡਾਕਟਰਾਂ ਦੇ ਪੋਸਟ ਗ੍ਰੈਜੂਏਸ਼ਨ ਕੋਰਸਾਂ ’ਚ ਦਾਖਲੇ ਦੀਆਂ ਯੋਗਤਾ ਸ਼ਰਤਾਂ ਵਿਚ ਢਿੱਲ ਦਿੱਤੀ ਹੈ। ਪਹਿਲਾਂ ਪੀ.ਸੀ.ਐਮ.ਐਸ ਡਾਕਟਰ, ਜੋ ਪਛੜੇ ਪੇਂਡੂ ਖੇਤਰਾਂ ਵਿਚ ਚਾਰ ਸਾਲ ਦੀਆਂ ਸੇਵਾਵਾਂ ਨਿਭਾਅ ਲੈਂਦੇ ਸਨ ਤੇ ਹੋਰ ਪੇਂਡੂ ਖੇਤਰਾਂ ਵਿਚ 6 ਸਾਲ ਦੀਆਂ ਸੇਵਾਵਾਂ ਪੂਰੀਆਂ ਕਰ ਲੈਂਦੇ ਸਨ, ਉਨਾਂ ਨੂੰ 30 ਫ਼ੀਸਦੀ ਵਾਧੂ ਨੰਬਰ ਮਿਲਦੇ ਸਨ ਤੇ ਪੀਜੀ ਕੋਰਸ ਲਈ ਯੋਗ ਹੁੰਦੇ ਸਨ। ਹੁਣ ਪੇਂਡੂ ਸੇਵਾਵਾਂ ਦੇ ਮਾਮਲੇ ਵਿਚ ਯੋਗਤਾ ਸ਼ਰਤ 4 ਤੇ 6 ਸਾਲ ਤੋਂ ਘਟਾ ਕੇ ਕ੍ਰਮਵਾਰ 2 ਤੇ 3 ਸਾਲ ਕਰ ਦਿੱਤੀ ਹੈ ਤਾਂ ਜੋ ਪੀ.ਸੀ.ਐਮ.ਐਸ ਡਾਕਟਰ ਆਪਣੀ ਡਿਗਰੀ ਛੇਤੀ ਕਰ ਸਕਣ ਤੇ ਲੰਮਾ ਸਮਾਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਸਕਣ।
ਇਸ ਦੌਰਾਨ ਜ਼ਿਲਾ ਹਸਪਤਾਲਾਂ ਦੀ ਸ਼੍ਰੇਣੀ ਵਿਚ ਜ਼ਿਲਾ ਹਸਪਤਾਲ ਪਠਾਨਕੋਟ ਨੂੰ ਪਹਿਲਾ ਇਨਾਮ (25 ਲੱਖ ਰੁਪਏ), ਮਾਤਾ ਕੋਸ਼ੱਲਿਆ ਦੇਵੀ ਹਸਪਤਾਲ ਪਟਿਆਲਾ ਨੂੰ ਦੂਜਾ ਇਨਾਮ (15 ਲੱਖ) ਤੇ ਜ਼ਿਲਾ ਹਸਪਤਾਲ ਮਾਨਸਾ ਨੂੰ ਤੀਜਾ ਇਨਾਮ (10 ਲੱਖ ਰੁਪਏ) ਮਿਲਿਆ। ਇਸ ਤੋਂ ਇਲਾਵਾ ਉਪ ਜ਼ਿਲਾ ਸ੍ਰੇਣੀ ’ਤੇ ਸਬ ਡਿਵੀਜ਼ਨ ਹਸਪਤਾਲ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਨੂੰ ਪਹਿਲਾ ਇਨਾਮ ਅਤੇ ਮੁਢਲੇ ਸਿਹਤ ਕੇਂਦਰ ਦੀ ਸ਼੍ਰੇਣੀ ਵਿਚ ਸੀਐਚਸੀ ਸ਼ੰਕਰ (ਜਲੰਧਰ) ਨੂੰ ਪਹਿਲਾ ਇਨਾਮ ਮਿਲਿਆ।
ਇਸ ਤੋਂ ਇਲਾਵਾ ਚਾਰ ਸਰਕਾਰੀ ਹਸਪਤਾਲਾਂ ਨੂੰ ਨੈਸ਼ਨਲ ਐਕਰੀਡੇਸ਼ਨ ਆਫ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ 2018 ਸਰਟੀਫਿਕੇਟ ਨਾਲ ਨਿਵਾਜਿਆ ਗਿਆ।ਇਨਾਂ ਹਸਪਤਾਲਾਂ ਨੇ 3 ਤੋਂ 4 ਸਾਲ ਦੀ ਕਰੜੀ ਮਿਹਨਤ ਸਦਕਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮਾਪਦੰਡਾਂ ’ਤੇ ਖਰਾ ਉਤਰ ਕੇ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਇਨਾਂ ਚਾਰ ਹਸਪਤਾਲਾਂ ਵਿਚ ਉਪ ਜ਼ਿਲਾ ਹਸਪਤਾਲ ਦਸੂਹਾ, ਸਬ ਡਿਵੀਜ਼ਨ ਹਸਪਤਾਲ ਮੁਕੇਰੀਆਂ, ਸੀਐਚਸੀ ਗੋਨਿਆਣਾ (ਬਠਿੰਡਾ) ਤੇ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਬਿਸ਼ਨ ਸਿੰਘ ਨਗਰ (ਪਟਿਆਲਾ) ਸ਼ਾਮਲ ਹਨ। ਇਨਾਂ ਤੋਂ ਇਲਾਵਾ ਡੀਐਮਸੀ ਕਪੂਰਥਲਾ ਡਾਕਟਰ ਸਾਰਿਕਾ ਦੁੱਗਲ ਨੂੰ ਸਰਵੋਤਮ ਸੇਵਾਵਾਂ ਬਦਲੇ ਪੁਰਸਕਾਰ, ਸਾਬਕਾ ਸਿਵਲ ਸਰਜਨ ਲੁਧਿਆਣਾ ਡਾਕਟਰ ਪਰਵਿੰਦਰ ਸਿੰਘ ਸਿੱਧੂ ਤੇ ਸਾਬਕਾ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਦੇਣ ਵਾਲੇ ਸਿਵਲ ਸਰਜਨਾਂ ਦੀ ਸ਼੍ਰੇਣੀ ’ਚ ਪੁਰਸਕਾਰਾਂ ਨਾਲ ਨਿਵਾਜਿਆ ਗਿਆ।ਇਸ ਤੋਂ ਇਲਾਵਾ ਐਸ.ਐਮ.ਓ, ਅਸਿਸਟੈਂਟ ਹਾਸਪੀਟਲ ਐਡਮਿਨਿਸਟ੍ਰੇਟਰ, ਇੰੰਟਰਨਲ ਅਸੈਸਰਜ਼ ਤੇ ਹੋਰ ਹਸਪਤਾਲਾਂ (ਜੋ ਕਾਇਆ ਕਲਪ ਰੈਕਿੰਗ ’ਚ 70 ਫ਼ੀਸਦੀ ਤੋਂ ਉਪਰ ਰਹੇ) ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਐਮ.ਐਲ.ਏ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ ਡਾ. ਨਰਿੰਦਰ ਭਾਰਗਵ, ਡਾਇਰੈਕਟਰ ਸਿਹਤ ਪੰਜਾਬ ਡਾ. ਮੀਨਾ ਹਰਦੀਪ ਸਿੰਘ, ਸਟੇਟ ਨੋਡਲ ਅਫ਼ਸਰ ਕੁਆਲਿਟੀ ਅਫ਼ਸਰ ਡਾ. ਪਰਵਿੰਦਰ ਕੌਰ, ਸਾਬਕਾ ਐਮ.ਐਲ.ਏ ਅਜੀਤ ਇੰਦਰ ਸਿੰਘ ਮੋਫ਼ਰ, ਰਾਜਨੀਤਿਕ ਸਕੱਤਰ ਸਿਹਤ ਮੰਤਰੀ, ਹਰਕੇਸ਼ ਚੰਦ ਸ਼ਰਮਾ, ਕਾਂਗਰਸ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ, ਵਾਈਸ ਚੇਅਰਮੈਨ ਪੰਜਾਬ ਸਫ਼ਾਈ ਕਮਿਸ਼ਨ ਰਾਮ ਸਿੰਘ, ਬਿਕਰਮ ਮੋਫ਼ਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ ਬੁਢਲਾਡਾ ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ ਨਵਦੀਪ ਕੁਮਾਰ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ, ਡਾ. ਰਣਜੀਤ ਰਾਏ, ਡਾ. ਜਨਕ ਰਾਜ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਦੇ ਸਿਵਲ ਸਰਜਨ ਅਤੇ ਹੋਰ ਅਧਿਕਾਰੀ ਮੌਜੂਦ ਸਨ।