ਮਹਿਤਾ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ
ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂ ਤੋਂ 20 ਡਾਲਰ (1400 ਰੁਪੈ) ਫ਼ੀਸ ਵਸੂਲਣ ਦੇ ਪ੍ਰਸਤਾਵ `ਤੇ ਮੁੜ ਵਿਚਾਰ ਕਰਦਿਆਂ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ `ਚ ਦਮਦਮੀ ਟਕਸਾਲ ਦੇ ਮੁਖੀ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਆਪਸੀ ਵੱਡੀ ਖਟਾਸ ਅਤੇ ਸਿੱਖ ਵਿਰੋਧੀ ਲਾਬੀ ਵੱਲੋਂ ਪਾਈਆਂ ਜਾ ਰਹੀਆਂ ਅੜਚਣਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੀ ਉਸਾਰੀ ਮੁਕੰਮਲ ਕਰਨ ਦੀ ਵਚਨਬੱਧਤਾ `ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਲਾਂਘਾ ਦੋਹਾਂ ਦੇਸ਼ਾਂ ਲਈ ਅਮਨ ਦਾ ਪੁਲ ਹੈ ਅਤੇ ਦੋਹਾਂ ਦੇਸ਼ਾਂ ਦਾ ਅਵਾਮ ਅਮਨ ਚਾਹੁੰਦਾ ਹੈ।ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਹਾ ਕਿ ਜਿੱਥੇ ਉਸ ਵੱਲੋਂ ਸਿੱਖ ਭਾਈਚਾਰੇ ਦਾ ਦਿਲ ਜਿੱਤਣ ਲਈ ਸਿੱਖ ਯਾਤਰੂਆਂ ਲਈ ਵੀਜ਼ਾ ਨਿਯਮਾਂ `ਚ ਢਿਲ ਦੇਣ, ਮਲਟੀਪਲ ਵੀਜ਼ਾ ਅਤੇ ਆਨਲਾਇਨ ਵੀਜ਼ਾ ਪ੍ਰਣਾਲੀ ਨੂੰ ਧਾਰਮਿਕ ਸੈਰ ਸਪਾਟਾ ਸ਼ੇ੍ਰਣੀ `ਚ ਰੱਖਣ, ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ ਰਖਣ, ਅਗਵਾ ਹੋਈ ਸਿੱਖ ਲੜਕੀ ਦੇ ਮਾਮਲੇ ਨੂੰ ਸੁਲਝਾਉਣ ਅਤੇ ਪਾਕਿਸਤਾਨ `ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਸਿੱਖ ਭਾਈਚਾਰੇ ਨੂੰ ਹਰ ਤਰਾਂ ਸਹੂਲਤਾਂ ਦੇਣ ਵਰਗਾ ਸਾਕਾਰਾਤਮਕ ਹੁੰਗਾਰਾ ਭਰਿਆ ਹੈ, ਉਥੇ ਹੀ ਉਹ ਕਰਤਾਰਪੁਰ ਲਾਂਘੇ ਲਈ 20 ਡਾਲਰ ਫ਼ੀਸ ਰਖਣ ਦੇ ਪ੍ਰਸਤਾਵ ਨੂੰ ਖ਼ਾਰਜ ਕਰਦਿਆਂ ਸਿੱਖਾਂ ਲਈ ਹੋਰ ਖੁਲ ਦਿੱਲੀ ਦਿਖਾਉਣ।
ਦਮਦਮੀ ਟਕਸਾਲ ਦੇ ਮੁਖੀ ਨੇ ਪਾਕਿਸਤਾਨ `ਚ ਸਥਿਤ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਮੁੜ ਉਸਾਰੀ ਕਰਾਉਣ ਦੀ ਲੋੜ `ਤੇ ਜੋਰ ਦਿੱਤਾ।ਉਸੇ ਤਰਾਂ ਉਹਨਾਂ ਹਿੰਦੂ ਤੀਰਥ ਅਸਥਾਨਾਂ ਅਤੇ ਮੰਦਰਾਂ ਬਾਰੇ ਵੀ ਮਾਹੌਲ ਉਸਾਰਨ ਦੀ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media