ਸੜਕਾਂ `ਤੇ ਘੁੰਮ ਰਹੇ ਅਵਾਰਾ ਪਸ਼ੂਆਂ ਲਈ ਯੋਗ ਪ੍ਰਬੰਧ ਕਰਨਾ ਇੱਕ ਵੱਡੀ ਲੋੜ
ਧੂਰੀ, 15 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਡੇ ਦੇਸ਼ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ
ਹੈ।ਹਰ ਰੋਜ਼ ਹਰ ਅਖਬਾਰ ਦੇ ਮੁੱਖ ਪੰਨੇ ਉਪਰ ਇੱਕ ਜਾਂ ਦੋ ਸੜਕ ਹਾਦਸਿਆਂ ਦੀਆਂ ਵੱਡੀਆਂ ਖਬਰਾਂ ਲੱਗੀਆਂ ਹੁੰਦੀਆਂ ਹਨ ਜਿਸ ਵਿੱਚ ਕਈ-ਕਈ ਮੌਤਾਂ ਅਤੇ ਕਈ ਗੰਭੀਰ ਜ਼ਖਮੀ ਹੋ ਜਾਂਦੇ ਹਨ।ਇਹਨਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਹੁੰਦਾ ਹੈ-ਸੜਕ ਉੱਪਰ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਨਾ ਕਰਨਾ।ਹਰ ਕੋਈ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੌੜ ਵਿੱਚ ਕੀਤੀ ਗਈ ਗਲਤ ਕੋਸ਼ਿਸ਼ ਸੜਕੀ ਹਾਦਸੇ ਦੇ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਜਿਸ ਕਾਰਨ ਕੀਮਤੀ ਮਨੁੱਖੀ ਜਾਨਾਂ ਅਜਾਈਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ।ਭਾਵੇਂ ਅਸੀਂ ਤਰੱਕੀ ਦੀਆਂ ਲੀਂਹਾਂ `ਤੇ ਵਿਕਸਿਤ ਦੇਸ਼ਾਂ `ਤੇ ਹਾਵੀ ਹੋਣ ਲਈ ਲਗਾਤਾਰ ਅੱਗੇ ਵੱਧਦੇ ਜਾ ਰਹੇ ਹਾਂ, ਪਰ ਫੇਰ ਵੀ ਸਾਡੇ ਸਾਹਮਣੇ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹਨ, ਜਿੰਨਾਂ ਦਾ ਹੱਲ ਛੇਤੀ ਕਿਤੇ ਨਜ਼ਰ ਨਹੀਂ ਆ ਰਿਹਾ।
ਇਸ ਗੰਭੀਰ ਮਸਲੇ ਸਬੰਧੀ ਗੁਰਵਿੰਦਰ ਸਿੰਘ ਗਿੱਲ ਜ਼ਿਲਾ੍ ਪ੍ਰਧਾਨ ਯੂਥ ਅਕਾਲੀ ਦਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਰੋਜ਼ਾਨਾ ਹੀ ਸੜਕ ਹਾਦਸੇ ਵਾਪਰਦੇ ਹਨ।ਜਿਸ ਦਾ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਹੀ ਹੈ।ਵਿਕਸਿਤ ਦੇਸ਼ਾਂ ਵਿੱਚ ਟ੍ਰੈਫਿਕ ਦਾ ਪੂਰਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕੀਤਾ ਹੁੰਦਾ ਹੈ, ਉਥੇ ਸਾਡੇ ਦੇਸ਼ ਵਾਂਗ ਟ੍ਰੈਫਿਕ ਦੇ ਪ੍ਰਬੰਧ ਵਿੱਚ ਘਾਟ ਨਹੀਂ ਰੜਕਦੀ ਹੈ।ਟ੍ਰੈਫਿਕ ਸਮੱਸਿਆਵਾਂ ਦੇ ਹੱਲ ਲਈ ਸਭ ਤੋਂ ਪਹਿਲਾਂ ਸਿਸਟਮ ਦਾ ਇਮਾਨਦਾਰ ਹੋਣਾ, ਸੜਕਾਂ ਦੀ ਹਾਲਤ ਵਿੱਚ ਸੁਧਾਰ ਕਰਨ ਸਬੰਧੀ ਅਹਿਮ ਕਦਮ ਚੁੱਕਣੇ, ਪੁਲਿਸ ਨੂੰ ਵਿਸ਼ੇਸ਼ ਟਰੇਨਿੰਗ ਦੇਣੀ ਅਤੇ ਸਟਾਫ ਦੀ ਘਾਟ ਦੂਰ ਕਰਨੀ ਅਤਿ ਜਰੂਰੀ ਹੈ।
ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਜਰੂਰੀ ਹੈ- ਵਾਹਣ ਚਲਾਉਣ ਵਾਲੇ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਬਾਰੇ ਉਚਿਤ ਜਾਣਕਾਰੀ ਦੇਣੀ ਅਤੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਸਬੰਧੀ ਸਮੇਂ-2 ਜਾਗਰੂਕ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਸਾਡੀਆਂ ਸੜਕਾਂ ਹੀ ਇਸ ਢੰਗ ਨਾਲ ਬਣਾਈਆਂ ਗਈਆਂ ਹਨ ਕਿ ਇਥੇ ਪੈਦਲ, ਰਿਕਸ਼ਾ ਸਾਇਕਲ, ਮੋਟਰ ਸਾਇਕਲ, ਕਾਰ, ਬੱਸ, ਟਰੱਕ, ਟਰੈਕਟਰ-ਟਰਾਲੀ ਇੱਕੋ ਸੜਕ `ਤੇ ਚੱਲਦੇ ਹਨ, ਅਜਿਹੀ ਹਾਲਤ ਵਿੱਚ ਸੜਕ ਹਾਦਸਿਆਂ ਨੂੰ ਰੋਕਣਾ ਬਹੁਤ ਹੀ ਮੁਸ਼ਕਿਲ ਅਤੇ ਚੁਣੌਤੀ ਭਰਿਆ ਕੰਮ ਹੈ।ਵਾਹਨ ਚਲਾਉਣ ਵਾਲੇ ਬਹੁਤੇ ਡਰਾਇਵਰ ਵੀ ਟ੍ਰੈਫਿਕ ਨਿਯਮਾਂ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੇ।
ਸੋ ਜਰੂਰੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਸਾਰਿਆਂ ਨੂੰ ਉੱਚਿਤ ਜਾਣਕਾਰੀ ਹੋਵੇ।ਅਸੀਂ ਦੇਖਦੇ ਹਾਂ ਕਿ ਰੇਲਵੇ ਫਾਟਕ ਖੁੱਲ੍ਹਣ ਸਮੇਂ ਇੱਕ-ਦੂਜੇ ਤੋਂ ਅੱਗੇ ਲੰੰਘਣ ਦੀ ਹੋੜ, ਮਾੜੀਆਂ ਸੜਕਾਂ `ਤੇ ਬੇ-ਪ੍ਰਵਾਹ ਗੱਡੀ ਚਲਾਉਣਾ, ਬੱਸਾਂ ਨੂੰ ਓਵਰ ਸਪੀਡ ਨਾਲ ਸੜਕਾਂ `ਤੇ ਭਜਾਉਣਾ ਤਾਂ ਕਿ ਉਹ ਸਮੇਂ ਸਿਰ ਆਪਣੇ ਅਗਲੇ ਬੱਸ ਸਟੈਂਡ `ਤੇ ਪਹੁੰਚ ਸਕਣ। ਬੇਸ਼ਕ! ਇਸ ਤੇਜ਼ ਰਫਤਾਰ ਨਾਲ ਕੋਈ ਹਾਦਸਾ ਹੀ ਕਿਉਂ ਨਾ ਵਾਪਰ ਜਾਵੇ।ਬਿਨਾਂ ਪਾਰਕਿੰਗ ਤੋਂ ਸੜਕ ਉੱਪਰ ਹੀ ਗੱਡੀ ਖੜੀ ਕਰ ਦੇਣਾ, ਓਵਰਲੋਡ ਵਾਹਨ ਚਲਾਉਣੇ ਅਤੇ ਖਾਸ ਕਰਕੇ ਸ਼ਰਾਬ ਜਾਂ ਹੋਰ ਕੋਈ ਨਸ਼ਾ ਕਰਕੇ ਵਾਹਨ ਚਲਾਉਣਾ ਕਈ ਵਾਰ ਵੱਡੇ ਹਾਦਸੇ ਦਾ ਕਾਰਨ ਬਣ ਜਾਂਦਾ ਹੈ।ਉਹਨਾਂ ਕਿਹਾ ਕਿ ਇਸ ਤੋਂ ਬਿਨਾਂ ਸੜਕਾਂ `ਤੇ ਘੁੰਮ ਰਹੇ ਅਵਾਰਾ ਪਸ਼ੂ ਵੀ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।ਸੜਕਾਂ `ਤੇ ਘੁੰਮ ਰਹੇ ਇਹਨਾਂ ਅਵਾਰਾ ਪਸ਼ੂਆਂ ਦੇ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ।
ਇਸ ਸਬੰਧੀ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਨੇ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਹਾਦਸੇ ਤੋਂ ਬਚਣ ਲਈ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਪੂਰੀ ਜਾਣਕਾਰੀ ਰੱਖਣੀ ਜਰੂਰੀ ਹੈ ਅਤੇ ਉਹਨਾਂ `ਤੇ ਅਮਲ ਕਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ।ਅਸੀਂ ਸਕੂਲਾਂ, ਕਾਲਜਾਂ, ਹਸਪਤਾਲਾਂ ਆਦਿ ਵਰਜਿਤ ਥਾਂਵਾਂ ਤੋਂ ਲੰਘਣ ਸਮੇਂ ਵੀ ਬੇ-ਲੋੜੇ ਅਤੇ ਕੰਨ ਪਾੜ੍ਹਵੀਂ ਅਵਾਜ਼ ਵਿੱਚ ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਰਹਿੰਦੇ ਹਾਂ ਅਤੇ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਾਂ।ਜਿਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਨਵੀਨ ਸੇਠ ਸਮਾਜ ਸੇਵਕ ਦੇ ਮੁਤਾਬਿਕ ਅੱਜ ਦੇ ਸਮੇਂ ਵਿੱਚ ਸੜਕੀ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਆਪਣੇ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨਾ ਹੈ।ਸੋ ਸਾਨੂੰ ਚਾਹੀਦਾ ਹੈ ਕਿ ਵਾਹਨ ਚਲਾਉਂਦੇ ਸਮੇਂ ਜੇਕਰ ਸਾਨੂੰ ਕੋਈ ਫੋਨ ਕਾਲ ਆਉਂਦੀ ਹੈ ਤਾਂ ਅਸੀਂ ਆਪਣੇ ਵਾਹਨ ਨੂੰ ਉਚਿਤ ਸਥਾਨ ਉੱਪਰ ਰੋਕ ਕੇ ਆਪਣੇ ਫੋਨ `ਤੇ ਗੱਲਬਾਤ ਕਰੀਏ ਅਤੇ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਣੋ ਬਚੀਏ।
ਸੋ ਸਾਨੂੰ ਆਪਣੇ ਆਪ ਤੋਂ ਹੀ ਪੂਰੀ ਇਮਾਨਦਾਰੀ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਨਾ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।ਸਕੂਲਾਂ, ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਰਾਹੀਂ ਵੀ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ।ਸਾਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੋਣ ਵਾਲੇ ਸੜਕੀ ਹਾਦਸਿਆਂ ਰੋਕ ਕੇ ਬੇਸ਼ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media