ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਫਾਜਿਲਕਾ ਜਿਲ੍ਹੇ ਵਿਚ 58 ਹਜਾਰ ਬੈਂਕ ਖਾਤੇ ਖੋਲੇ ਗਏ ਹਨ ਅਤੇ ਲਾਭਪਾਤਰੀਆਂ ਨੂੰ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਸ ਯੋਜਨਾਂ ਦੀ ਪ੍ਰਗਤੀ ਦਾ ਰੀਵਿਊ ਕਰਨ ਮੌਕੇ ਦਿੱਤੀ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 15 ਅਗਸਤ 2014 ਨੂੰ ਚਲਾਈ ਗਈ ਪ੍ਰਧਾਨ ਮੰਤਰੀ ਜਨ-ਧਨ-ਯੋਜਨਾ ਤਹਿਤ ਦੂਰ-ਦੁਰਾਡੇ ਪਿੰਡਾਂ ਦੇ ਵਸਨੀਕਾਂ ਨੂੰ ਉਹ ਬੈਂਕਿੰਗ ਸਹੂਲਤਾਂ ਦੇਣ ਦਾ ਤਹੱਈਆ ਕੀਤਾ ਗਿਆ ਹੈ ਜੋ ਕਿ ਬੈਂਕਾਂ ਦੇ ‘ਸੇਵਾ ਖੇਤਰ’ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਦੇ ਘੱਟੋ ਘੱਟ 1 ਮੈਂਬਰ ਦਾ ਬੈਂਕ ਖਾਤਾ ਖੋਲ੍ਹਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਸਰਕਾਰ ਵੱਲੋਂ ਬੈਂਕ ਖਾਤਿਆਂ ਰਾਹੀਂ ਭਵਿੱਖ ਵਿੱਚ ਦਿੱਤੀਆਂ ਜਾਣ ਵਾਲੀਆਂ ਮਾਲੀ ਤੇ ਲਾਭਪਾਤਰੀ ਸੁਵਿਧਾਵਾਂ ਦਾ ਹਿੱਸਾ ਬਣ ਸਕਣ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਬੈਂਕਿੰਗ ਸਹੂਲਤਾਂ ਦੀ ਸਰਬ ਵਿਆਪੀ ਪਹੁੰਚ, ਸਾਰੇ ਅਨਕਵਰਡ ਪਰਿਵਾਰਾਂ ਨੂੰ ਬੈਕਿੰਗ ਸਹੂਲਤਾਂ ਹੇਠ ਲਿਆਉਣ ਲਈ ਪ੍ਰਤੀ ਪਰਿਵਾਰ ਇੱਕ ਖਾਤਾ ਖੋਲ੍ਹਣਾ, ਡੈਬਿਟ ਕਾਰਡ ਰਾਹੀਂ ਕਿਸੇ ਵੀ ਏ.ਟੀ.ਐਮ. ਤੋ ਰਾਸ਼ੀ ਕਢਵਾਉਣ, ਦੁਰਘਟਨਾ ਬੀਮਾ ਕਵਰ ਰੁਪਏ. 1 ਲੱਖ,ਕੋਈ ਨਿਊਨਤਮ ਬਕਾਇਆ ਰਾਸ਼ੀ ਜਰੂਰੀ ਨਹੀਂ, ਰੁਪੈ ਡੈਬਿਟ ਕਾਰਡ ਰਾਹੀਂ 5000 ਦੀ ਓਵਰ ਡਰਾਫਟ ਸਹੂਲਤ ਆਦਿ ਸ਼ਾਮਲ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਲਾਭਪਾਤਰੀਆਂ ਦੇ ਬੈਂਕ ਖਾਤੇ ਖੋਲ੍ਹਣ ਦਾ 100 ਪ੍ਰਤੀਸ਼ਤ ਟੀਚਾ ਪੂਰਾ ਕੀਤਾ ਜਾਵੇ ਅਤੇ ਇਸ ਲਈ ਬਲਾਕ ਪੱਧਰ ਤੇ ਬੈਂਕ ਖਾਤੇ ਖੋਲ੍ਹਣ ਦੇ ਕੈਂਪ ਲਗਾਏ ਜਾਣ ਅਤੇ ਲਾਭਪਾਤਰੀਆਂ ਦੇ ਮੌਕੇ ਤੇ ਬੈਂਕ ਖਾਤੇ ਖੋਲੇ ਜਾਣ । ਉਨ੍ਹਾਂ ਕਿਹਾ ਕਿ ਬੈਂਕ ਖਾਤੇ ਖੋਲ੍ਹਣ ਲਈ ਆਧਾਰ ਕਾਰਡ ਦਾ ਹੋਣਾ ਜਰੂਰੀ ਹੈ ਅਤੇ ਜਿਲ੍ਹੇ ਦੀਆਂ ਸਬ ਤਹਿਸੀਲਾਂ, ਤਹਿਸੀਲਾਂ, ਸਬ ਡਵੀਜ਼ਨ ਪੱਧਰ ਅਤੇ ਜਿਲ੍ਹਾ ਪੱਧਰ ਤੇ ਬਣੇ ਸੁਵਿਧਾ ਕੇਂਦਰਾਂ ਵਿਚ ਆਧਾਰ ਕਾਰਡ ਬਨਾਉਣ ਦੀ ਸੁਵਿਧਾ ਉਪਲਬਧ ਹੈ । ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਬੈਂਕ ਖਾਤੇ ਖੋਲ੍ਹਣ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨੋਡਲ ਅਫਸਰ ਹੋਣਗੇ । ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ, ਸ਼੍ਰੀ ਬੀ.ਐਲ. ਵਸ਼ਿਸ਼ਟ ਜਿਲ੍ਹਾ ਲੀਡ ਬੈਂਕ ਮੈਨੇਜਰ, ਸਮੂਹ ਬੀ.ਡੀ.ਪੀ.ਓਜ. ਅਤੇ ਬੈਂਕਾ ਦੇ ਅਧਿਕਾਰੀ ਹਾਜਰ ਸਨ ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …