ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ
ਆਫ਼ ਹੈਲਥ ਸਾਇੰਸਜ਼ ਵਿਖੇ ਐਸੋਸੀਏਸ਼ਨ ਆਫ ਰੇਡੀਏਸ਼ਨ ਆਨਕੋਲੋਜਿਸਟ ਦੀ 25ਵੀਂ ਸਲਾਨਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਨੈਸ਼ਨਲ ਕੈਂਸਰ ਇੰਸਟੀਚਿਊਟ ਚੱਜਰ ਹਰਿਆਣਾ ਦੇ ਡਾਇਰੈਕਟਰ ਡਾ. ਜੀ.ਕੇ ਰਾਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਡਾ. ਜੀ.ਕੇ ਰਾਥ ਨੇ ਕਿਹਾ ਕਿ ਨਾਮੁਰਾਦ ਬਿਮਾਰੀ ਕੈਂਸਰ ਦੀ ਮਾਰ ਝੱਲ ਰਹੇ ਮਰੀਜ਼ਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ਵੱਲੋਂ ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਬੇਹਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਆਧੁਨਿਕ ਵਿਧੀਆਂ ਜਿਨ੍ਹਾਂ ਵਿਚ ਅਰਿਪਲ ਐਨਰਜੀ ਲੀਨੀਅਰ ਐਕਸਿਲੇਟਰ, ਸੀ.ਟੀ ਸਿਮੂਲੇਟਰ, ਆਈ.ਐਮ.ਆਰ.ਟੀ, ਬਰੇਕੀਥਰੇਪੀ ਤੇ ਆਈ.ਜੀ.ਆਰ.ਟੀ. ਆਦਿ ਸ਼ਾਮਲ ਹਨ, ਦੀ ਵਿਵਸਥਾ ਕਰਨੀ ਖਿੱਤੇ ਲਈ ਆਸ ਦੀ ਕਿਰਨ ਹੈ।ਇਨ੍ਹਾਂ ਅਤਿ ਅਧੁਨਿਕ ਵਿਧੀਆਂ ਨਾਲ ਪੰਜਾਬ ਅੰਦਰ ਕੈਂਸਰ ਨਾਲ ਦਰਦ ਝੱਲ ਰਹੇ ਮਰੀਜ਼ਾਂ ਦਾ ਇਲਾਜ਼ ਬਿਨਾ ਤਕਲੀਫ਼ ਸੰਭਵ ਹੋਇਆ ਹੈ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜੋ ਇਸ ਮੈਡੀਕਲ ਸੰਸਥਾ ਦੇ ਵੀ ਸਕੱਤਰ ਹਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਦਾ ਮਨੋਰਥ ਸਿਹਤ ਸਿੱਖਿਆ ਅਤੇ ਇਲਾਜ਼ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਕੈਂਸਰ ਹਸਪਤਾਲ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਅਤਿ-ਅਧੁਨਿਕ ਸਹੂਲਤਾਂ ਸਦਕਾ ਅੱਜ ਇਥੇ ਵੱਡੀ ਗਿਣਤੀ ਵਿਚ ਮਰੀਜ਼ ਆ ਰਹੇ ਹਨ, ਜਿਨ੍ਹਾਂ ਨੂੰ ਢੁੱਕਵੀਆਂ ਸੇਵਾਵਾਂ ਦੇਣ ਦਾ ਸੰਸਥਾ ਵੱਲੋਂ ਫ਼ਰਜ਼ ਨਿਭਾਇਆ ਜਾ ਰਿਹਾ ਹੈ।ਉਨ੍ਹਾਂ ਇਥੇ ਪੁੱਜਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਲੋੜ ਪੈਣ ’ਤੇ ਰਿਹਾਇਸ਼ ਦੀ ਆ ਰਹੀ ਸਮੱਸਿਆ ਸਬੰਧੀ ਕਿਹਾ ਕਿ ਭਵਿੱਖ ਵਿਚ ਹਸਪਤਾਲ ਨੇੜੇ ਸਰਾਂ ਬਣਾਉਣ ’ਤੇ ਵਿਚਾਰ ਕੀਤਾ ਜਾਵੇਗਾ।
ਮੈਕਸ ਹਸਪਤਾਲ ਬਠਿੰਡਾ ਤੋਂ ਡਾ. ਰਾਜੇਸ਼ ਵਸ਼ਿਸ਼ਟ, ਪੀ.ਜੀ ਆਈ ਰੋਹਤਕ ਤੋਂ ਡਾ. ਵਿਵੇਕ ਕੋਸ਼ਲ, ਪੰਡਤ ਬੀ.ਡੀ ਸ਼ਰਮਾ, ਪੀ.ਜੀ.ਆਈ ਚੰਡੀਗੜ੍ਹ ਤੋਂ ਡਾ. ਸੁਸ਼ਮਿਤਾ ਗੋਸ਼ਲ ਤੇ ਡਾ. ਰਜੇਸ਼ ਕਪੂਰ, ਏ. ਆਈ. ਆਈ.ਐਮ.ਐਸ ਰਿਸ਼ੀਕੇਸ਼ ਤੋਂ ਡਾ. ਮਨੋਜ਼ ਗੁਪਤਾ, ਡਾ. ਦੀਪਕ ਅਬਰੋਲ, ਡਾ. ਜੀ.ਵੀ ਗਿਰੀ, ਡਾ. ਪੂਜਾ ਨੰਦਵਾਲੀ ਪਟੇਲ, ਡਾ. ਸੰਤਨੁਪਾਲ ਆਦਿ ਨੇ ਕੈਂਸਰ ਦੇ ਵੱਖ-ਵੱਖ ਪੱਖਾਂ ਅਤੇ ਬਚਾਅ ਇਲਾਜ਼ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਉੱਤਰ ਭਾਰਤ ਤੋਂ 200 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ।
ਇਸ ਮੌਕੇ ਡਾ. ਏ.ਪੀ ਸਿੰਘ, ਹਰਦਾਸ ਸਿੰਘ ਸੰਧੂ, ਡਾ. ਮਨਜੀਤ ਸਿੰਘ ਉੱਪਲ, ਡਾ. ਮੀਨਾ ਸੂਦਨ, ਡਾ. ਨੀਰਜ ਜੈਨ ਸਮੇਤ ਹੋਰ ਮੌਜੂਦ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media