Tuesday, April 28, 2026

ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਸਰਕਾਰੀ ਸੁਰੱਖਿਆ ਦੇ ਘੇਰੇ ‘ਚ ਲਿਆ ਕੇ ਸ਼ਰਧਾਲੂਆਂ ਦੀ ਚੈਕਿੰਗ ਲਈ ਲਗਾਏਗੀ ਸਕੈਨਰ ਤੇ ਮੈੇਟਲ ਡੀਟੈਕਟਰ ਸਾਬਕਾ ਸਕੱਤਰਾਂ ਨੇ ਜਤਾਇਆ ਵਿਰੋਧ

                           PPN24091430

   ਅੰਮ੍ਰਿਤਸਰ, 24 ਸਤੰਬਰ-  (ਜਸਬੀਰ ਸਿੰਘ ਪੱਟੀ  09356024684)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਭਾਵੇਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੁਲੀਸ ਰੀਮਾਂਡ ਤੋ ਬਾਅਦ ਪੁਲੀਸ ਦੀ ਰਿਪੋਰਟ ਮੁਤਾਬਕ ਅੱਜ ਜੇਲ ਵੀ ਭੇਜ ਦਿੱਤਾ ਗਿਆ, ਪਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਮੰਦਰ ਦਾ ਰੂਪ ਦੇਣ ਲਈ ਇਸ ਕਦਰ ਕਾਹਲੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮਾਤਾ ਵੈਸ਼ਨੋ ਤੇ ਜਗਨਨਾਥ ਮੰਦਰ ਪੁਰੀ ਤੇ ਹੋਰ ਦੇਸ਼ ਵਿਚਲੇ ਮੰਦਰਾਂ ਦੀ ਤਰਾਂ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਕੈਨਰ ਤੇ ਮੈਟਲ ਡੀਟੈਕਟਰ ਲਗਾਏ ਜਾਣ ਜਿਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸz. ਅਵਤਾਰ ਸਿੰਘ ਮੱਕੜ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਜਲਦੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਕੈਨਰ ਲਗਾਇਆ ਜਾਵੇਗਾ ਅਤੇ ਸੇਵਾਦਾਰਾਂ ਨੂੰ ਵਾਕੀ ਟਾਕੀ ਸੈੱਟਾਂ ਨਾਲ ਪੂਰੀ ਤਰ੍ਹਾ ਲੈਸ ਕੀਤਾ ਜਾਵੇਗਾ ਜਦ ਕਿ ਸੀ.ਸੀ.ਟੀ ਵੀ ਕੈਮਰੇ ਪਹਿਲਾਂ ਹੀ ਆਪਣਾ ਕੰਮ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਤੇ ਪੰਜਾਬ ਪੁਲੀਸ ਦੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਤੋ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਪੂਰੀ ਤਰ੍ਹਾ ਯਕੀਨੀ ਬਣਾਉਣ ਲਈ ਸਾਕਾ ਨੀਲਾ ਤਾਰਾ ਬਾਅਦ ਜਿਸ ਤਰੀਕੇ ਨਾਲ ਕੁਝ ਸਮਾਂ ਵੱਖ ਵੱਖ ਗੇਟਾਂ ਦੇ ਬਾਹਰ ਸਰਕਾਰ ਨੇ ਮੇਂਟਲ ਡੀਟੈਕਟਰ ਲਗਾਏ ਸਨ, ਉਸੇ ਤਰ੍ਹਾ ਹੀ ਇੱਕ ਵਾਰੀ ਫਿਰ ਸ੍ਰੀ ਦਰਬਾਰ ਸਾਹਿਬ ਨੂੰ ਨਵੇ-ਨਵੇ ਸੁਰੱਖਿਆ ਦੇ ਉਪਕਰਣਾਂ ਨਾਲ ਸ਼ਿੰਗਾਰਿਆ ਜਾਵੇਗਾ।ਮੇਨ ਦਰਵਾਜਾ ਘੰਟਾ ਘਰ ਵਾਲੇ ਪਾਸੇ ਇੱਕ ਵੱਡਾ ਸਕੈਰਨ ਲਗਾਇਆ ਜਾ ਰਿਹਾ ਹੈ, ਜਿਸ ਰਾਹੀ ਮੱਥਾ ਟੇਕਣ ਵਾਲੇ ਸ਼ਰਧਾਲੂਆ ਦੇ ਸਮਾਨ ਦੀ ਚੈਕਿੰਗ ਪੂਰੀ ਤਰ੍ਵਾ ਸਕੈਨਰ ਰਾਹੀ ਕੀਤੀ ਜਾਵੇਗੀ ਅਤੇ ਸ਼ੱਕ ਪੈਣ ‘ਤੇ ਸ਼ਰਧਾਲੂ ਤੋ ਪੁਲੀਸ ਪੁੱਛ ਪੜਤਾਲ ਵੀ ਕਰ ਸਕਦੀ ਹੈ।ਇਸ ਤੋ ਪਹਿਲਾਂ ਕਰੋੜਾਂ ਰੁਪਏ ਗੋਲਕ ਦੀ ਗੋਲਕ ਵਿੱਚੋ ਖਰਚ ਕਰਕੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰੇ ਕੰਮ ਤਾਂ ਕਰ ਰਹੇ ਹਨ।ਪਰ ਉਹਨਾਂ ਦੀ ਕਵਾਲਿਟੀ ਨੂੰ ਲੈ ਕੇ ਪਹਿਲਾਂ ਵੀ ਰੌਲਾ ਪਿਆ ਸੀ ਰੌਲੇਪਿਆ ਸੀ ਕੈਮਰਿਆ ਦੇ ਇਮਜ਼ ਸਕਰੀਨ ਤੇ ਰੀਪਲੇਅ ਕਰਨ ਤੇ ਪੂਰੀ ਤਰ੍ਹਾ ਸਾਫ ਦਿਖਾਈ ਨਹੀ ਦਿੰਦੇ।ਕੈਮਰਿਆਂ ‘ਤੇ ਕੰਮ ਕਰਦੇ ਰਹੇ ਇੱਕ ਸਾਬਕਾ ਮੁਲਾਜ਼ਮ ਨੇ ਦੱਸਿਆ ਕਿ ਕੈਮਰੇ ਵਿੱਚੋ ਫੋਟੋ ਸਿਰਫ ਇੱਕ ਵਾਰੀ ਹੀ ਸਾਫ ਦਿਖਾਈ ਦਿੰਦੀ ਹੈ ਤੇ ਦੁਬਾਰਾ ਫੋਟੋ ਵੇਖਣੀ ਹੋਵੇ ਤਾਂ ਫੋਟੋ ਧੁੰਦਲੀ ਹੋ ਜਾਂਦੀ ਹੈ।ਇਹਨਾਂ ਕੈਮਰਿਆਂ ਦੀ ਵਰਕਿੰਗ ਭਾਵੇ ਅੱਜ ਵੀ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਕੈਮਰੇ ਲੱਗਣ ਦੇ ਬਾਵਜੂਦ ਵੀ ਸ੍ਰੀ ਦਰਬਾਰ ਸਾਹਿਬ ਵਿੱਚੋ ਚੋਰੀਆ, ਖੀਸੇ ਕੱਟਣ ਅਤੇ ਇਸ਼ਨਾਨ ਕਰ ਰਹੇ ਸ਼ਰਧਾਲੂਆ ਦੇ ਕੱਪੜੇ ਚੋਰੀ ਕਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਪਿਛਲੇ ਸਮੇਂ ਦੌਰਾਨ ਤਾਂ ਕਈ ਬੱਚੇ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਚੁੱਕੇ ਜਾਂਦੇ ਰਹੇ ਹਨ, ਜਿਹਨਾਂ ਦੀਆ ਖਬਰਾਂ ਅਖਬਾਰਾ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।ਇਹ ਕੈਮਰੇ ਭਾਵਂੇ ਚੋਰਾਂ ਉਚੱਕਿਆ ਨੂੰ ਫੜਣ ਵਿੱਚ ਕਾਰਗਰ ਨਹੀ ਬਣ ਸਕੇ, ਪਰ 6 ਜੂਨ ਨੂੰ ਸ਼੍ਰੋਮਣੀ ਕਮੇਟੀ ਤੇ ਹੋਰ ਨੌਜਵਾਨਾਂ ਵਿੱਚ ਹੋਈ ਲੜਾਈ ਦੌਰਾਨ ਜਿਹੜੇ ਲੋਕ ਚੋਲਿਆ ਵਾਲੇ ਇਹਨਾਂ ਕੈਮਰਿਆ ਵਿੱਚ ਕੈਦ ਆ ਗਏ ਉਹਨਾਂ ਨਾਲ ਜੋ ਬੀਤੀ ਉਹ ਖੁਦ ਹੀ ਬਿਆਨ ਕਰ ਸਕਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਬੇਹੋਸ਼ ਕਰਨ ਤੱਕ ਉਹਨਾਂ ਦੀ ਗਿੱਦੜ ਕੁੱਟ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਨੂੰ ਜਦੋ ਸਕੈਨਰ ਤੇ ਮੈਟਲ ਡੀਟੈਕਟਰ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਮੱਦੇ ਨਜਰ ਰੱਖਦਿਆਂ ਜਲਦੀ ਹੀ ਸ਼ਰਧਾਲੂਆਂ ਦੇ ਸਮਾਨ ਦੀ ਚੈਕਿੰਗ ਕਰਨ ਲਈ ਇੱਕ ਸਕੈਰਨ ਲਗਾਇਆ ਜਾ ਰਿਹਾ ਹੈ ਅਤੇ ਮੇਟਲ ਡੀਟੋਕਟਰ ਬਾਰੇ ਹਾਲੇ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੱਥਾ ਟੇਕਣ ਆਏ ਹਰੇਕ ਸ਼ਰਧਾਲੂ ਨੂੰ ਸੁੱਰਖਿਆ ਦੇਣ ਲਈ ਪਾਬੰਦ ਹੈ ਅਤੇ ਕਿਸੇ ਵੀ ਮੁਲਾਜਮ ਵੱਲੋ ਕੀਤੀ ਜਾਂਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬਹੁਤ ਸਾਰੇ ਸੇਵਾਦਾਰਾਂ ਕੋਲ ਵਾਕੀ ਟਾਕੀ ਸੈਂੋਟ ਹਨ ਤੇ ਲੋੜ ਪੈਣ ਤੇ ਹੋਰ ਵਾਕੀ ਟਾਕੀ ਵੀ ਖਰੀਦ ਕੇ ਦਿੱਤੇ ਜਾਣਗੇ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨਾਲ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀ ਕੀਤਾ ਜਾ ਸਕਦਾ। ਦੀਵਾਲੀ ਤੋ ਪਹਿਲਾਂ-ਪਹਿਲਾਂ ਇਹਨਾਂ ਪ੍ਰਬੰਧਾਂ ਨੂੰ ਅੰਜਾਮ ਦੇਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਉਹ ਕੁੱਝ ਨਹੀ ਕਹਿ ਸਕਦੇ। ਜਦੋਂ ਉਹਨਾਂ ਨੂੰ ਇਹ ਦੱਸਿਆ ਕਿ ਸਦੀਆਂ ਪੁਰਾਣੀ ਇੱਕ ਰਵਾਇਤ ਹੈ ਕਿ ਹਰ ਸਾਲ ਦੀਵਾਲੀ ਤੇ ਬਾਹਰੋਂ ਭਾਰੀ ਗਿਣਤੀ ਵਿੱਚ ਵੱਖ-ਵੱਖ ਸੰਪਰਦਾ ਨਾਲ ਸਬੰਧਿਤ ਸਾਧੂ ਸੰਤ ਆਉਦੇ ਹਨ, ਜਿਹਨਾਂ ਕੋਲ ਅਟੈਚੀ ਕੇਸ ਨਹੀ ਸਗੋ ਪੋਟਲੀਆ ਵਿੱਚ ਰੋਜਮਰਾ ਦਾ ਸਮਾਨ ਬੱਧਾ ਹੁੰਦਾ ਹੈ। ਕੀ ਉਹਨਾਂ ਦੀਆਂ ਪੋਟਲੀਆਂ ਵੀ ਚੈਂੱਕ ਕੀਤੀਆ ਜਾਣਗੀਆਂ? ਉਹਨਾਂ ਕਿਹਾ ਕਿ ਸਾਧੂਆਂ ਸੰਤਾਂ ਦੀ ਮਾਣ ਮਰਿਆਦਾ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ, ਪਰ ਸੁਰੱਿਖਆ ਵੀ ਜਰੂਰੀ ਹੈ।ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸz. ਪਰਤਾਪ ਸਿੰਘ ਸ਼ਾਇਦ ਧਮਕੀ ਭਰਿਆ ਫੋਨ ਆਉਣ ਤੋ ਬਾਅਦ ਇੰਨੇ ਖੋਫਜ਼ਦਾ ਹੋ ਗਏ ਹਨ ਕਿ ਉਹਨਾਂ ਨੇ ਆਪਣਾ ਫੋਨ ਬਾਰ-ਬਾਰ ਕਰਨ ਦੇ ਬਾਵਜੂਦ ਵੀ ਨਹੀ ਚੁੱਕਿਆ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸz. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਗੁਰੂ ਸਾਹਿਬ ਨੇ ਚਹੁੰ ਵਰਨਾ ਦਾ ਸਾਝਾਂ ਅਸਥਾਨ ਹੋਣ ਦਾ ਮਾਣ ਬਖਸ਼ਿਆ ਹੈ ਅਤੇ ਇਸ ਦੇ ਚਾਰ ਦਰਵਾਜੇ ਵੀ ਇਸ ਕਰਕੇ ਹੀ ਬਣਾਏ ਗਏ ਹਨ ਜਿਹਨਾਂ ਨੂੰ ਕੋਈ ਗੇਟ ਵੀ ਨਹੀ ਲਗਾਇਆ ਗਿਆ। ਜਿਸ ਦਾ ਭਾਵ ਜਦੋ ਵੀ ਚਾਹੇ ਕੋਈ ਇਥੇ ਆ ਸਕਦਾ ਹੈ।ਉਹਨਾਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਜਰੂਰੀ ਹੈ, ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਸਰਕਾਰੀ ਕਿਲ੍ਹਾ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ, ਉਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਬੈਚੇਨੀ ਪਾਈ ਜਾਣੀ ਸੁਭਾਵਿਕ ਹੀ ਹੈ।ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਆਪਣਾ ਪ੍ਰਬੰਧ ਵੀ ਠੀਕ ਕਰਨਾ ਚਾਹੀਦਾ ਹੈ, ਜਿਸ ਨੂੰ ਲੈ ਕੇ ਕਾਫੀ ਖਿੱਚੋਤਾਣ ਪਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਦੀਆਂ ਤਰੱਕੀਆ ਨੂੰ ਲੈ ਕੇ ਜਿਸ ਤਰੀਕੇ ਨਾਲ ਵਿਤਰਕੇ ਕੀਤੇ ਜਾ ਰਹੇ ਹਨ ਉਹ ਵੀ ਸੁੱਰਖਿਆ ਵਿੱਚ ਬਹੁਤ ਵੱਡੀ ਰੁਕਾਵਟ ਹਨ।ਇਸ ਲਈ ਸਕੈਨਰ ਲਗਾਉਣ ਤੇ ਮੇਟਲ ਡੀਟੈਕਟਰ ਲਗਾਉਣ ਨਾਲ ਸੁਰੱਖਿਆ ਤਾਂ ਸ਼ਾਇਦ ਨਾ ਹੋ ਸਕੇ, ਪਰ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਦੀ ਫੌਜ ਨੂੰ ਸੇਵਾਦਾਰ ਦੀ ਟਰੇਨਿੰਗ ਦੇ ਕੇ ਸਹੀ ਅਰਥਾਂ ਵਿੱਚ ਗੁਰੂ ਘਰ ਦੇ ਸੇਵਕ ਬਣਾਇਆ ਜਾਵੇ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਵਜੋਂ ਬਹੁਤ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀਆਂ ਸੇਵਾਵਾਂ ਨਿਭਾਅ ਚੁੱਕੇ ਸz. ਰਘਬੀਰ ਸਿੰਘ ਰਾਜਾਂਸਾਂਸੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਉਪਮਾ ਨੂੰ ਘਟਾਉਣ ਦੀ ਕੋਸ਼ਿਸ਼ ਕਰਦਿਆਂ ਵੱਖ-ਵੱਖ ਸਰਕਾਰਾਂ ਨੇ ਇਥੇ ਹਮਲੇ  ਵੀ ਕੀਤੇ ਭਾਵੇਂ ਉਹ ਸਰਕਾਰਾਂ ਮੁਗਲਾਂ ਜਾਂ ਕਾਂਗਰਸ ਜਾਂ ਫਿਰ ਹੋਰ।ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਜੇਕਰ ਕਾਂਗਰਸ ਨੇ 1984 ਵਿੱਚ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਉਪਮਾ ਨੂੰ ਘਟਾਉਣ ਦਾ ਯਤਨ ਕੀਤਾ ਤਾਂ ਭਾਜਪਾ ਤੇ ਆਰ. ਐਸ. ਐਸ ਨੇ ਉਸ ਦਾ ਸਾਥ ਦਿੱਤਾ।ਉਹਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੰਜਾਬ ਦੀ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਕੇਂਦਰ ਦੀ ਭਾਜਪਾ ਸਰਕਾਰ ਤੇ ਆਰ.ਐਸ.ਐਸ ਦੇ ਇਸ਼ਾਰਿਆਂ ‘ਤੇ ਹੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਰਕਾਰੀ ਸੁਰੱਖਿਆ ਦਾ ਤਾਣਾ ਬਾਣਾ ਪੱਕਾ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਉਣ ਦੇ ਮਨਸੂਬੇ ਬਣਾ ਰਹੀ ਹੈ, ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀ ਹੋਣ ਦੇਣਗੀਆ।ਉਹਨਾਂ ਕਿਹਾ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਗਾਈ ਜਾਣ ਵਾਲੇ ਲੱਠਮਾਰ ਤੇ ਸਰਕਾਰੀ ਫੌਜ, ਜਿਸ ਦੇ ਵਿਰੋਧ ਵਿੱਚ ਸਿੱਖ ਹੁਣ ਤੱਕ ਲੜਦੇ ਆਏ ਹਨ ਨੂੰ ਖੁਦ ਸ਼੍ਰੋਮਣੀ ਕਮੇਟੀ ਅੰਜ਼ਾਮ ਦੇਣ ਜਾ ਰਹੀ ਹੈ ਤਾਂ ਫਿਰ ਉਹ ਦਿਨ ਦੂਰ ਨਹੀ ਜਿਸ ਦਿਨ ਨਨਕਾਣਾ ਸਾਹਿਬ ਵਾਂਗੂ ਸਿੱਖ ਪੰਥ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਅਜਾਦ ਕਰਾਉਣ ਲਈ ਮੋਰਚਾ ਲਗਾਉਣਾ ਪਵੇਗਾ।
ਸ਼ੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖਾਂ ਦਾ ਦਿਮਾਗ ਜਾਣੋ ਜਾਂਦੇ ਸz. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਰੱਖਿਆ ਨੂੰ ਲੈ ਕੇ ਨਵੀਨਤਨ ਪ੍ਰਣਾਲੀ ਦੇ ਉਪਕਰਣ ਲਗਾਉਣੇ ਗਲਤ ਹਨ ਅਤੇ ਜਿਸ ਸ੍ਰੀ ਦਰਬਾਰ ਸਾਹਿਬ ਦੀ ਅਜਾਦੀ ਲਈ ਸਿੱਖ ਸਦੀਆ ਤੋ ਲੜਦੇ ਆ ਰਹੇ ਹਨ ਉਸ ਨੂੰ ਖੁਦ ਸ਼ਰੋਮਣੀ ਕਮੇਟੀ ਖਤਮ ਕਰ ਰਹੀ ਹੈ ਤਾਂ ਫਿਰ ਰੱਬ ਹੀ ਰਾਖਾ ਹੈ।ਇਸੇ ਤਰ੍ਹਾ ਸਾਬਕਾ ਸਕੱਤਰ ਸz. ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆ ਕੇ ਸੰਗਤਾਂ ਆਪਣੇ ਆਪ ਨੂੰ ਸੁਰੱਖਿੱਅਤ ਮਹਿਸੂਸ ਕਰਦੀਆਂ ਹਨ, ਜੇਕਰ ਸ਼੍ਰੋਮਣੀ ਕਮੇਟੀ ਹੀ ਸਰਕਾਰ ਨਾਲ ਮਿਲ ਕੇ ਸੰਗਤਾਂ ਨੂੰ ਡਰਾਉਣ ਲਈ ਨਵੇ-ਨਵੇ ਉਪਰਕਰਣ ਲਗਾ ਰਹੀ ਹੈ ਤਾਂ ਫਿਰ ਸੰਗਤਾਂ ਵਿੱਚ ਬੈਚੇਨੀ ਪਾਈ ਜਾਣੀ ਸੁਭਾਵਿਕ ਹੀ ਹੈ।ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਾ ਫੜਿਆ ਗਿਆ ਹੈ ਤੇ ਪੁਲੀਸ ਦੀ ਰਿਪੋਰਟ ਮੁਤਾਬਕ ਉਹ ਇੱਕ ਸਧਾਰਨ ਵਿਅਕਤੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply