ਫਲੇਵਰਡ ਤੰਬਾਕੂ ਨਾਲ ਪਾਨ ਮਸਾਲੇ ਦੀ ਵਿਕਰੀ ‘ਤੇ ਪੰਜਾਬ `ਚ ਮੁਕੰਮਲ ਪਾਬੰਦੀ
ਚੰਡੀਗੜ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਵਿਚ ਚਬਾਉਣ ਵਾਲੇ ਫਲੇਵਰਡ ਤੰਬਾਕੂ ਨਾਲ ਪਾਨ ਮਸਾਲੇ ਦੀ ਗੈਰ-ਕਾਨੂੰਨੀ ਵਿਕਰੀ ਦਾ ਨੋਟਿਸ ਲੈਂਦਿਆਂ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗੈਰ ਕਾਨੂੰਨੀ ਤੰਬਾਕੂ ਦੀ ਵਿਕਰੀ `ਚ ਸ਼ਾਮਲ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਫੂਡ ਸੇਫਟੀ ਤੇ ਹੋਰ ਭਾਈਵਾਲ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਸੂਬੇ ਵਿੱਚ ਤੰਬਾਕੂ ਦੀ ਵਰਤੋਂ ‘ਤੇ ਰੋਕ ਲਗਾਉਣ ਅਤੇ ਤੰਬਾਕੂ ਵਿਰੁੱਧ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਿਵਲ ਸਕੱਤਰੇਤ-2 ‘ਚ ਸਥਿਤ ਕਮੇਟੀ ਰੂਮ ਵਿੱਚ ਸਟੇਟ ਲੈਵਲ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕੁੱਝ ਉਤਪਾਦਕ ਪਾਨ ਮਸਾਲਾ (ਤੰਬਾਕੂ ਰਹਿਤ) ਦੇ ਨਾਲ ਫਲੇਵਰਡ ਚਬਾਉਣ ਵਾਲੇ ਤੰਬਾਕੂ ਨੂੰ ਵੱਖਰੇ ਪੈਕੇਟ ਵਿੱਚ ਵੇਚਦੇ ਹਨ, ਇਹ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਇੱਕੋ ਹੀ ਵਿਕਰੇਤਾ ਵਲੋਂ ਜਾਨ ਬੁੱਝ ਕੇ ਇਹਨਾਂ ਨੂੰ ਸਾਂਝੇ ਰੂਪ ਵਿਚ ਵੇਚਿਆਂ ਜਾਂਦਾ ਹੈ ਤਾਂ ਜੋ ਗਾਹਕ ਪਾਨ ਮਸਾਲੇ ਦੇ ਨਾਲ ਫਲੇਵਰਡ ਚਬਾਉਣ ਵਾਲੇ ਤੰਬਾਕੂ ਖਰੀਦ ਸਕਣ। ਉਹਨਾਂ ਦੱਸਿਆ ਕਿ ਅਜਿਹੇ ਪਦਾਰਥਾਂ ਦੀ ਵਿਕਰੀ ਪੰਜਾਬ ਵਿੱਚ ਪੂਰੀ ਤਰਾਂ ਪਾਬੰਦੀਸ਼ੁਦਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਂਟੀ ਤੰਬਾਕੂ ਕਾਨੂੰਨਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਟਕਾ/ਪਾਨ ਮਸਾਲਾ (ਨਿਕੋਟਿਨ ਜਾਂ ਤੰਬਾਕੂ ਵਾਲਾ), ਪ੍ਰੋਸੈਸਡ/ਫਲੇਵਰਡ/ਖੁਸ਼ਬੂ ਵਾਲੇ ਚੰਬਾਉਣ ਵਾਲੇ ਤੰਬਾਕੂ ਅਤੇ ਤੰਬਾਕੂ ਜਾਂ ਨਿਕੋਟਿਨ ਯੁਕਤ ਕਿਸੇ ਵੀ ਨਾਂ ਦੇ ਪਦਾਰਥ ਅਤੇ ਪੈਕਟ ਜਾਂ ਬਿਨਾਂ ਪੈਕਟ ਤੋਂ ਅਤੇ ਵੱਖਰੇ ਪ੍ਰੋਡਕਟ ਵਜੋਂ ਵੇਚਣ, ਬਾਜ਼ਾਰ ਵਿੱਚ ਉਪਲਬਧ ਕਰਾਉਣ, ਭੰਡਾਰੀਕਰਨ, ਵਿਕਰੀ ਤੇ ਵਿਤਰਣ ਕਰਨ ਦੀ ਪੰਜਾਬ ਵਿੱਚ ਪਾਬੰਦੀ ਹੈ।
ਨੈਸਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਨਿਰਲੇਪ ਕੌਰ ਨੇ ਮੀਟਿੰਗ ਨੂੰ ਦੱਸਿਆ ਕਿ ਪੰਜਾਬ ਨੇ ਸੂਬੇ ਵਿੱਚ ਈ-ਸਿਗਰੇਟ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਈ-ਸਿਗਰਟ ਰੱਖਣ ਤੇ ਵੇਚਣ ਵਾਲੇ ਦੁਕਾਨਦਾਰਾਂ ਖਿਲ਼ਾਫ ਮਾਮਲਾ ਦਰਜ ਕਰਨ ਅਤੇ ਉਹਨਾਂ ਨੂੰ ਸਿਹਤ ਅਥਾਰਟੀਆਂ ਦੀ ਨਜ਼ਰਸਾਨੀ ਹੇਠ ਰੱਖਣ ਸਬੰਧੀ ਜਿਲਾ ਪੱਧਰੀ ਕਮੇਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਕੋਟਪਾ, 2003 (ਪੰਜਾਬ ਸੋਧ ਐਕਟ, 2018) ਵਿਚ ਸੋਧ ਹੋਣ ਤੋਂ ਬਾਅਦ ਸੂਬੇ ਵਿਚ ਹੁੱਕਾ ਬਾਰਾਂ ‘ਤੇ ਪੱਕੀ ਪਾਬੰਦੀ ਲਗਾਈ ਗਈ ਹੈ ਅਤੇ ਤੰਬਾਕੀ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸਾਂ, ਹੋਟਲ ਅਤੇ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕਰਨ ਲਈ ਪਹਿਲਾਂ ਹੀ ਸੂਬਾ ਪੱਧਰੀ ਚੈਕਿੰਗ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਮਨਵੇਸ ਸਿੰਘ ਸਿੱਧੂ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਜਸਕਿਰਨ ਸਿੰਘ, ਸੰਯੁਕਤ ਡਾਇਰੈਕਟਰ ਕਿਰਤ, ਸੁਖਮੰਦਰ ਸਿੰਘ, ਸੰਯੁਕਤ ਕਮਿਸਨਰ ਫੂਡ ਅਤੇ ਡਰੱਗ ਪ੍ਰਸਾਸ਼ਨ ਪਰਦੀਪ ਕੁਮਾਰ, ਲੀਗਲ ਮੈਟਰੋਲੋਜੀ ਮਨੋਹਰ ਸਿੰਘ, ਸੁਪਰਡੈਂਟ ਸਥਾਨਕ ਸਰਕਾਰਾਂ ਭਦੂਰ ਸਿੰਘ, ਡਿਪਟੀ ਡਾਇਰੈਕਟਰ ਸਟੇਟ ਟਰਾਂਸਪੋਰਟ ਐਸ.ਡੀ.ਐਸ ਮਾਨ, ਐਲ.ਆਰ ਵਿਭਾਗ ਦੇ ਨੁਮਾਇੰਦੇ ਅਮਰਜੀਤ ਸਿੰਘ ਸਰਾਂ ਅਤੇ ਸਾਰੇ ਭਾਈਵਾਲ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media