ਚੰਡੀਗੜ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਾਬਕਾ ਫ਼ੌਜੀ ਨਿਗਮ (ਪੈਸਕੋ) ਦੇ ਚੇਅਰਮੈਨ-
ਕਮ-ਮੈਨੇਜਿੰਗ ਡਾਇਰੈਕਟਰ ਅਤੇ ਫੌਜ ਦੇ ਕਾਰਪਸ ਆਫ ਸਿਗਨਲਜ਼ ਦੇ ਮੇਜਰ ਜਨਰਲ (ਰਿਟਾ.) ਸੁਰਿੰਦਰ ਪਾਲ ਸਿੰਘ ਗਰੇਵਾਲ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗਰੇਵਾਲ ਸੰਖੇਪ ਬਿਮਾਰੀ ਮਗਰੋਂ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਵਸੇ।ਉਹ 69 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮੇਜਰ ਜਨਰਲ ਗਰੇਵਾਲ ਨੂੰ ਅਨੁਸ਼ਾਸਨਬੱਧ, ਵਿਲੱਖਣ ਅਤੇ ਸੂਝਵਾਨ ਅਫ਼ਸਰ ਦੱਸਿਆ ਜਿਨਾਂ ਨੇ ਵੱਖ-ਵੱਖ ਅਹੁੱਦਿਆਂ ’ਤੇ ਹੁੰਦਿਆਂ ਭਾਰਤੀ ਫੌਜ ਦੀ ਸੇਵਾ ਕੀਤੀ।ਐਸ.ਪੀ.ਐਸ ਗਰੇਵਾਲ ਨਾਲ ਆਪਣੀ ਨਿੱਘੀ ਸਾਂਝ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਉਨਾਂ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆ।ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੌਜ ਇਕ ਮਹਾਨ ਅਫ਼ਸਰ ਅਤੇ ਯੋਗ ਪ੍ਰਸ਼ਾਸਕ ਤੋਂ ਵਾਂਝੀ ਹੋ ਗਈ, ਜਿਨਾਂ ਨੇ ਸਾਬਕਾ ਫੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਲਗਨ ਅਤੇ ਤਨਦੇਹੀ ਨਾਲ ਕੰਮ ਕੀਤਾ।
ਇਸੇ ਦੌਰਾਨ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ ਸ਼ੇਰਗਿੱਲ ਨੇ ਵੀ ਐਸ.ਪੀ.ਐਸ ਗਰੇਵਾਲ ਦੀ ਮੌਤ ’ਤੇ ਅਫਸੋਸ ਜ਼ਾਹਰ ਕੀਤਾ ਜਿਨਾਂ ਨਾਲ ਉਨਾਂ ਦੀ ਨੇੜਲੀ ਸਾਂਝ ਸੀ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media