ਬਾਅਦ ਦੁਪਹਿਰ ਅਫ਼ਸੋਸ ਵਜੋਂ ਬੰਦ ਰਹੇ ਸ਼੍ਰੋਮਣੀ ਕਮੇਟੀ ਦਫ਼ਤਰ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅੱਜ ਸਵੇਰੇ ਅਕਾਲ
ਚਲਾਣਾ ਗਏ।ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਮਾ ਸਮਾਂ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਵੀ ਰਹੇ।ਜਥੇਦਾਰ ਗਿਆਨੀ ਪੂਰਨ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌੜਾਸਿੰਘਾ, ਮਹਿੰਦਰ ਸਿੰਘ ਆਹਲੀ ਤੇ ਅਵਤਾਰ ਸਿੰਘ ਸੈਂਪਲਾ ਨੇ ਵੀ ਸਿੰਘ ਸਾਹਿਬ ਦੇ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗਵਾਲ ਨੇ ਆਖਿਆ ਹੈ ਕਿ ਗਿਆਨੀ ਪੂਰਨ ਸਿੰਘ ਸਿੱਖ ਪੰਥ ਦੀ ਉਘੀ ਧਾਰਮਿਕ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਚਲਾਣੇ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗਿਆਨੀ ਪੂਰਨ ਸਿੰਘ ਨਮਿਤ ਸ਼ੋਕ ਇਕੱਤਰਤਾ ਕੀਤੀ ਗਈ।ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਭੇਟ ਕਰਦਿਆਂ ਅਰਦਾਸ ਕੀਤੀ।ਸ਼ੋਕ ਇਕੱਤਰਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਗਿਆਨੀ ਪੂਰਨ ਸਿੰਘ ਨੂੰ ਨਾਮ ਸਿਮਰਨ ਦੇ ਰੰਗ ਵਿਚ ਰੰਗੀ ਰੂਹ ਆਖਿਆ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਕਰਮਬੀਰ ਸਿੰਘ ਕਿਆਮਪੁਰ, ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਸਮੇਤ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਗਿਆਨੀ ਪੂਰਨ ਸਿੰਘ ਦੇ ਅਕਾਲ ਚਲਾਣੇ ਕਾਰਨ ਅਫਸੋਸ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਰਹੇ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media