
ਬਟਾਲਾ, 25 ਸਤੰਬਰ (ਨਰਿੰਦਰ ਬਰਨਾਲ) – ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਜੀਤ ਸਿੰਘ ਗਰੇਵਾਲ ਨੇ ਸਵੱਛ ਭਾਰਤ ਮੁਹਿੰਮ ਨੂੰ ਸਬ-ਡਵੀਜ਼ਨ ਬਟਾਲਾ ‘ਚ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਬਟਾਲਾ, ਫਤਿਹਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੇ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਮੁਹਿੰਮ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਸਾਰੇ ਸ਼ਹਿਰਾਂ ‘ਚ ਸਫਾਈ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਫਾਈ ਮੁਹਿੰਮ ਦੌਰਾਨ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ, ਮੋਹਤਬਰ ਵਿਅਕਤੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ। ਸ. ਗਰੇਵਾਲ ਨੇ ਅੱਗੇ ਕਿਹਾ ਕਿ ਦਿਹਾਤੀ ਖੇਤਰਾਂ ‘ਚ ਸਫਾਈ ਮੁਹਿੰਮ ਨੂੰ ਪੇਂਡੂ ਵਿਕਾਸ ਵਿਭਾਗ ਵੱਲੋਂ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਫਾਈ ਅਭਿਆਨ ਦੌਰਾਨ ਜਿਥੇ ਸਾਂਝੀਆਂ ਥਾਵਾਂ ਦੀ ਸਾਫ-ਸਫਾਈ ਕੀਤੀ ਜਾਵੇਗੀ ਉਥੇ ਲੋਕਾਂ ਨੂੰ ਸਾਫ-ਸਫਾਈ ਰੱਖਣ ਲਈ ਵੀ ਪ੍ਰੇਰਿਆ ਜਾਵੇਗਾ। ਐੱਸ.ਡੀ.ਐੱਮ. ਸ. ਜਗਵਿੰਦਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਫਾਈ ਅਭਿਆਨ ਸਾਰਿਆਂ ਦਾ ਸਾਂਝਾ ਅਭਿਆਨ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਇਸ ਮੁਹਿੰਮ ਨੂੰ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਸਪਤਾਹ ਦੌਰਾਨ ਹਰ ਦਿਨ ਯੋਜਨਾਬੱਧ ਢੰਗ ਨਾਲ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ ਅਤੇ ਲੋਕਾਂ ‘ਚ ਖਾਸ ਕਰਕੇ ਜਨਤਕ ਥਾਵਾਂ ‘ਤੇ ਸਾਫ-ਸਫਾਈ ਸਬੰਧੀ ਜਾਗਰੂਕਤਾ ਲਿਆਂਦੀ ਜਾਵੇਗੀ।
Punjab Post Daily Online Newspaper & Print Media