ਪ੍ਰਕਾਸ਼ ਪੁਰਬ ਸਮਾਗਮਾਂ ਲਈ ਵੀ ਵਿਦੇਸ਼ਾਂ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣ-ਔਜਲਾ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਜੋ ਕਿ ਪੰਜਾਬ ਸਿਵਲ
ਏਵੀਸ਼ੇਨ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਹਨ ਦੇ ਸਹਿਯੋਗ ਨਾਲ ‘ਹਵਾਬਾਜ਼ੀ ਤੇ ਸ਼ਹਿਰੀ ਵਿਕਾਸ’ ਬਾਰੇ ਕਰਵਾਏ ਗਏ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੌਕੇ ਉਤੇ ਹਾਜ਼ਰ ਹਵਾਬਾਜ਼ੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਕੋਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਿੰਗਾਪੁਰ, ਦੁਬਈ ਅਤੇ ਲੰਦਨ ਦੀਆਂ ਸਿੱਧੀਆਂ ਉਡਾਨਾਂ ਚਲਾਉਣ ਦੀ ਮੰਗ ਕਰਦੇ ਕਿਹਾ ਕਿ ਤੁਸੀਂ ਇਹ ਉਡਾਨਾਂ ਚਲਾ ਦਿਉ, ਇਨਾਂ ਨੂੰ ਕਾਮਯਾਬ ਕਰਨਾ ਸਾਡੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ।ਉਨਾਂ ਕਿਹਾ ਕਿ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਆਉਣ-ਜਾਣ ਵਾਲੇ ਜ਼ਿਆਦਾਤਰ ਵਿਦੇਸ਼ੀ ਸੈਲਾਨੀਆਂ ਵਿਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਪਰ ਪੰਜਾਬ ਦੇ ਹਵਾਈ ਅੱਡੇ ਤੋਂ ਇਹ ਸਹੂਲਤ ਖੋਹ ਕੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਉਤੇ ਦੇਸ਼ੀ ਤੇ ਵਿਦਸ਼ੀ ਸੈਲਾਨੀਆਂ ਦੇ ਨਾਲ-ਨਾਲ ਏਅਰ ਕਾਰਗੋ ਦੀ ਵੱਡੀ ਸੰਭਾਵਨਾਵਾਂ ਹੈ ਤੇ ਅਜੇ ਤੱਕ ਇਥੋਂ ਸ਼ੁਰੂ ਕੀਤੀ ਕੋਈ ਵੀ ਉਡਾਨ ਘਾਟੇ ਵਿਚ ਨਹੀਂ ਗਈ, ਪਰ ਫਿਰ ਵੀ ਸਾਨੂੰ ਟੋਰਾਟੋਂ, ਫਰੈਂਕਫਰਟ, ਸਿੰਗਾਪੁਰ, ਐਮਸਟਰਡਮ, ਦੁਬਈ, ਲੰਦਨ, ਆਦਿ ਦੀਆਂ ਸਿੱਧੀਆਂ ਉਡਾਨਾਂ ਨਹੀਂ ਦਿੱਤੀਆਂ ਜਾ ਰਹੀਆਂ।ਉਨਾਂ ਕਿਹਾ ਕਿ ਜੇਕਰ ਇਥੋਂ ਕਾਰਗੋ ਸ਼ੁਰੂ ਹੋ ਜਾਵੇ ਤਾਂ ਪੰਜਾਬ ਦਾ ਕਿਸਾਨ ਰੂਸ, ਖਾੜੀ ਅਤੇ ਹੋਰ ਦੇਸ਼ਾਂ ਨੂੰ ਇਥੋਂ ਰੋਜ਼ਾਨਾ ਸਬਜੀਆਂ ਭੇਜ ਸਕਦਾ ਹੈ, ਪਰ ਅਜਿਹਾ ਨਹੀਂ ਹੋ ਰਿਹਾ।
ਔਜਲਾ ਨੇ ਅੰਮਿ੍ਰਤਸਰ ਹਵਾਈ ਅੱਡੇ ਦੇ ਵਿਸਥਾਰ ਲਈ ਹਵਾਈ ਫੌਜ ਦੀ ਨਾਲ ਲੱਗਦੀ 17 ਏਕੜ ਜ਼ਮੀਨ ਦਾ ਤਬਾਦਲਾ ਵੀ ਹਵਾਈ ਅੱਡੇ ਨਾਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਵਿਦੇਸ਼ਾਂ ਵਿਚੋਂ ਆ ਰਹੇ ਯਾਤਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਉਡਾਨਾਂ ਅੰਮਿ੍ਰਤਸਰ ਲਈ ਚਲਾਈਆਂ ਜਾਣੀਆਂ ਚਾਹੀਦੀਆਂ ਹਨ।
ਸ਼ਹਿਰੀ ਵਿਕਾਸ ਦੀ ਗੱਲ ਕਰਦੇ ਔਜਲਾ ਨੇ ਕਿਹਾ ਕਿ ਵਿਕਾਸ ਲਈ ਹੁੰਦੇ ਸਾਰੇ ਕੰਮ ਯੋਜਨਾਬੰਦੀ, ਮਜ਼ਬੂਤੀ ਦੇ ਨਾਲ-ਨਾਲ ਸਮੇਂ ਸਿਰ ਪੂਰੇ ਹੋਣੇ ਚਾਹੀਦੇ ਹਨ, ਤਾਂ ਕਿ ਲੋਕਾਂ ਨੂੰ ਵਿਕਾਸ ਦੇ ਨਾਮ ਉਤੇ ਖੱਜ਼ਲ ਨਾ ਹੋਣਾ ਪਵੇ।ਲਾਹੌਰ ਸ਼ਹਿਰ ਦੀ ਉਦਾਹਰਨ ਦਿੰਦੇ ਉਨਾਂ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਅੰਮ੍ਰਿਤਸਰ ਤੇ ਲਾਹੌਰ ਲਗਭਗ ਇਕੋ ਜਿੰਨੇ ਸ਼ਹਿਰ ਸਨ, ਪਰ ਅੱਜ ਲਾਹੌਰ ਬੁਨਿਆਦੀ ਜ਼ਰੂਰਤਾਂ ਪੱਖੋਂ ਦੁਨੀਆਂ ਦੇ ਪਹਿਲੇ 10 ਸ਼ਹਿਰਾਂ ਵਿੱਚ ਸ਼ੁਮਾਰ ਕਰ ਚੁੱਕਾ ਹੈ, ਪਰ ਅੰਮ੍ਰਿਤਸਰ ਦਾ ਨਾਮ ਇਸ ਸੂਚੀ ਵਿਚ ਕਿਧਰੇ ਵੀ ਨਹੀਂ ਦਿੱਸਦਾ।
ਦੂਸਰੇ ਸੈਸ਼ਨ ਦੀ ਪ੍ਰਾਨਗੀ ਕਰਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਸੁਧਾਰ ਦੀ ਲੋੜ ਉਤੇ ਜ਼ੋਰ ਦਿੰਦੇ ਦੱਸਿਆ ਕਿ ਅੰਮ੍ਰਿਤਸਰ ਵਿਚ ਸਮਾਰਟ ਸਿਟੀ ਅਧੀਨ ਕੰਮ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ।ਉਨਾਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਲੋਕਾਂ ਕੋਲੋਂ ਵੀ ਸਹਿਯੋਗ ਮੰਗਿਆ ਤਾਂ ਜੋ ਰੋਜ਼ਾਨਾ ਗੁਰੂ ਨਗਰੀ ਆ ਰਹੇ ਲੱਖਾਂ ਯਾਤਰੀਆਂ ਨੂੰ ਸਾਫ-ਸੁਥਰੇ ਵਾਤਾਵਰਣ ਦਿੱਤਾ ਜਾ ਸਕੇ।
ਸ਼ਹਿਰੀ ਹਵਾਬਾਜ਼ੀ ਮੰਤਰਾਲ ਦੇ ਜੁਇੰਟ ਸਕੱਤਰ ਸ੍ਰੀਮਤੀ ੳੂਸ਼ਾ ਪੱਧੀ ਨੇ ਇਸ ਮੌਕੇ ਬੋਲਦੇ ਦੱਸਿਆ ਕਿ ਭਾਰਤ ਹਵਾਈ ਯਾਤਰਾ ਪੱਖੋਂ ਦੁਨੀਆਂ ਦਾ ਤੀਸਰਾ ਵੱਡਾ ਦੇਸ਼ ਹੈ ਅਤੇ ਸਲਾਨਾ 20 ਕਰੋੜ ਲੋਕ ਹਵਾਈ ਯਾਤਰਾ ਕਰਦੇ ਹਨ, ਜਿਸ ਵਿਚੋਂ 13 ਕਰੋੜ ਘਰੇਲੂ ਅਤੇ 7 ਕਰੋੜ ਵਿਦੇਸ਼ੀ ਯਾਤਰਾ ਦਾ ਅਨੰਦ ਲੈ ਰਹੇ ਹਨ।ਉਨਾਂ ਦੱਸਿਆ ਕਿ ਇਸ ਵੇਲੇ ਦੇਸ਼ ਦੇ 414 ਹਵਾਈ ਅੱਡੇ ਜਾਂ ਹਵਾਈ ਪੱਟੀਆਂ ਹਨ ਅਤੇ ਅਗਲੇ 5 ਸਾਲਾਂ ਵਿਚ 100 ਹਵਾਈ ਅੱਡਿਆਂ ਦੀ ਹੋਰ ਲੋੜ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਲਈ ਉਡਾਨਾਂ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਅੰਮ੍ਰਿਤਸਰ ਧਾਰਮਿਕ, ਵਿਰਾਸਤੀ ਸ਼ਹਿਰ ਹੋਣ ਦੇ ਨਾਲ-ਨਾਲ ਹਵਾਬਾਜ਼ੀ ਪੱਖੋਂ ਵੀ ਮਹੱਤਵਪੂਰਨ ਸ਼ਹਿਰ ਹੈ ਅਤੇ ਦੋਵੇਂ ਵਿਸ਼ੇ ਇਕ-ਦੂਸਰੇ ਦੇ ਪੂਰਕ ਹਨ।ਜੇਕਰ ਯਾਤਰੀ ਜਹਾਜ਼ਾਂ ਉਤੇ ਆ ਰਹੇ ਹਨ ਤਾਂ ਉਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਸ਼ਹਿਰ ਵੀ ਸਮਾਰਟ ਹੋਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਆਰਥਿਕ ਮੰਦੀ ਦੇ ਬਾਵਜੂਦ ਸੈਲਾਨੀਆਂ ਦੀ ਗਿਣਤੀ ਵੱਧ ਰਹੀ ਅਤੇ ਹਰੇਕ ਦੇਸ਼ ਦੇ ਲੋਕ ਇੱਥੇ ਆ ਰਹੇ ਹਨ।ਇਸ ਤੋਂ ਜਿੱਥੇ ਸਾਨੂੰ ਸ਼ਹਿਰ ਦੀਆਂ ਸੰਭਾਵਨਾਵਾਂ ਦਾ ਪਤਾ ਲੱਗਦਾ ਹੈ, ਉਥੇ ਸਾਨੂੰ ਆਪਣੇ ਸ਼ਹਿਰ ਦੇ ਮੁਢਲੇ ਢਾਂਚੇ ਵਿਚ ਵੀ ਸੁਧਾਰ ਲਿਆਉਣ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬੀ ਦਿੱਲੀ ਦੇ ਹਵਾਈ ਅੱਡੇ ਨਾਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਤਰਜੀਹ ਦਿੰਦੇ ਹਨ, ਬਸ਼ਰਤੇ ਕਿ ਇਥੋਂ ਜਹਾਜ਼ ਮਿਲਦਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਜਰਾਤ ਦੇ ਵਧੀਕ ਮੁੱਖ ਸਕੱਤਰ ਵਿਪੁਲ ਮਿਤੱਰਾ, ਹਰਿਆਣਾ ਦੇ ਪ੍ਰਮੁੱਖ ਕੰਜ਼ਰਵੇਟਵ ਜੰਗਲਾਤ ਡਾ. ਅਮਰਿੰਦਰ ਕੌਰ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ, ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ, ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਸਨਸੁਰੀਆ, ਸ਼ਹਿਰੀ ਹਵਾਬਾਜ਼ੀ ਦੇ ਸੀਨੀਅਰ ਸਲਾਹਕਾਰ ਕਰਨਲ ਆਰ.ਪੀ.ਐਸ ਮਾਹਲ, ਫਲਾਇਟ ਸਟੈਂਡਰਡ ਡਾਇਰੈਕਟੋਰੇਟ ਦੇ ਉਪ ਮੁਖੀ ਕੈਪਟਨ ਸ਼ਵੇਤਾ ਸਿੰਘ, ਡਾ. ਜਤਿੰਦਰ ਲਾਰਾ, ਅੰਮ੍ਰਿਤਸਰ ਦੇ ਅਸਟੇਟ ਅਫਸਰ ਸ੍ਰੀਮਤੀ ਅਨਮਜੋਤ ਕੌਰ, ਪੁਡੂਚੇਰੀ ਸਰਕਾਰ ਦੇ ਆਈ.ਟੀ ਸੈਕਟਰੀ ਪਦਮਾ ਜੈਸਵਾਲ, ਕਾਰਪੋਰਸ਼ਨ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਗੁਰੂਗ੍ਰਾਮ ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਮੁਨੀਸ਼ ਸ਼ਰਮਾ, ਉਜੈਨ ਵਿਕਾਸ ਅਥਾਰਟੀ ਦੇ ਸੀ.ਈ.ਓ ਸੁਜੇਨ ਰਾਵਤ, ਪੀ.ਏ.ਡੀ.ਬੀ ਦੇ ਪ੍ਰਾਜੈਕਟ ਡਾਇਰੈਕਟਰ ਆਰ.ਐਸ ਬੱਲ, ਜੁਆਇੰਟ ਕਮਿਸ਼ਨਰ ਨਿਤਿਸ਼ ਸਿੰਗਲਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media