ਚੰਡੀਗੜ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ
(ਪੀ.ਐਸ.ਆਈ.ਈ.ਸੀ) ਵਲੋਂ ਚੱਲ ਰਹੇ ਤਿਉਹਾਰਾਂ ਦੇ ਮੌਸਮ ਦੌਰਾਨ ਸੂਬੇ ਭਰ ਦੇ ਵੱਖ-ਵੱਖ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਟਾਂ ਅਤੇ ਵਪਾਰਕ ਸਾਈਟਾਂ ਦੀ ਨਿਲਾਮੀ ਕਰਵਾਈ ਜਾ ਰਹੀ ਹੈ।
ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਮਕਸਦ ਲਈ ਅਬੋਹਰ, ਅੰਮ੍ਰਿਤਸਰ, ਬਟਾਲਾ, ਗੋਇੰਦਵਾਲ ਸਾਹਿਬ, ਕਪੂਰਥਲਾ, ਲੁਧਿਆਣਾ, ਮੰਡੀ ਗੋਬਿੰਦਗੜ, ਮੁਹਾਲੀ, ਨਵਾਂ ਸ਼ਹਿਰ, ਪਠਾਨਕੋਟ ਆਦਿ ਫੋਕਲ ਪੁਆਇੰਟਾਂ `ਚ ਬਣੇ ਕਈ ਉਦਯੋਗਿਕ ਪਲਾਟਾਂ ਸਬੰਧੀ ਅਕਤੂਬਰ ਦੇ ਦੂਜੇ ਹਫ਼ਤੇ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ।
ਅਰੋੜਾ ਨੇ ਕਿਹਾ ਕਿ ਸਬੰਧਿਤ ਇਲਾਕੇ ਦੇ ਉਦਮੀਆਂ ਅਤੇ ਇਲਾਕੇ ਦੇ ਵਸਨੀਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਪਹਿਲੇ ਪੜਾਅ ਦੌਰਾਨ ਅੰਮ੍ਰਿਤਸਰ, ਮੋਹਾਲੀ, ਲੁਧਿਆਣਾ, ਜਲੰਧਰ ਆਦਿ ਫੋਕਲ ਪੁਆਇੰਟਾਂ `ਚ ਬਣੇ ਕਈ ੇ ਉਦਯੋਗਿਕ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ।ਇਸ ਦੇ ਨਾਲ ਹੀ ਇਲਾਕੇ ਵਿੱਚ ਉਦਯੋਗਾਂ ਅਤੇ ਵਪਾਰਕ ਸਾਈਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਦੂਜੇ ਪੜਾਅ ਦੌਰਾਨ ਡੇਰਾਬੱਸੀ, ਚਨਾਲੋਂ, ਨੰਗਲ ਅਤੇ ਖੰਨਾ ਦੇ ਵਪਾਰਕ ਖੇਤਰਾਂ ਦੀ ਨਿਲਾਮੀ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਪੀ.ਐਸ.ਆਈ.ਈ.ਸੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬੱਸੀ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ ਵਲੋਂ ਜਲਦ ਹੀ ਮੁਹਾਲੀ ਦੇ ਫੇਜ਼-9 ਵਿੱਚ ਏਅਰਪੋਰਟ ਰੋਡ ਦੇ ਨੇੜੇ ਸਥਿਤ ਪ੍ਰਮੁੱਖ ਵਪਾਰਕ ਪਲਾਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬੇ ਵਿੱਚ ਹੋਰ ਵਿਸ਼ਵ ਪੱਧਰੀ ਬ੍ਰਾਂਡਾਂ ਨੂੰ ਲਿਆਉਣ ਦੀ ਉਮੀਦ ਹੈ।ਬੈਸਟੈਕ ਮਾਲ ਦੇ ਨਾਲ ਲੱਗਦੇ 2.5 ਏਕੜ ਖੇਤਰ ਵਿੱਚ ਸ਼ਾਪਿੰਗ ਕੰਪਲੈਕਸ / ਮਲਟੀਪਲੈਕਸ ਬਣਾਏ ਜਾਣਗੇ।
ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ ਨੇ ਅੰਮ੍ਰਿਤਸਰ, ਚਨਾਲੋਂ, ਪਟਿਆਲਾ, ਬਠਿੰਡਾ, ਗੋਇੰਦਵਾਲ ਸਾਹਿਬ, ਲੁਧਿਆਣਾ, ਨੰਗਲ, ਪਠਾਨਕੋਟ, ਮਲੋਟ, ਟਾਂਡਾ ਆਦਿ ਵਿਖੇ ਫੋਕਲ ਪੁਆਇੰਟਾਂ ’ਤੇ ਉਪਲੱਬਧ ਰਿਹਾਇਸ਼ੀ ਪਲਾਟਾਂ ਦੀ ਵਿਕਰੀ ਦੀ ਯੋਜਨਾ ਵੀ ਬਣਾਈ ਹੈ।ਇਸ ਮਕਸਦ ਲਈ ਚੱਲ ਰਹੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ਼ਤਿਹਾਰ ਜਾਰੀ ਕੀਤੇ ਜਾਣਗੇ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਪੀ.ਐਸ.ਆਈ.ਈ.ਸੀ ਵਲੋਂ ਨੇੜ ਭਵਿੱਖ ਵਿੱਚ ਸੂਬੇ ਦੇ ਫੋਕਲ ਪੁਆਇੰਟਾਂ ’ਤੇ ਬਣੀਆਂ ਪੈਟਰੋਲ ਪੰਪ ਸਾਈਟਾਂ ਨੂੰ ਨਿਲਾਮ ਕਰਨ ਦੀ ਯੋਜਨਾ ਵੀ ਹੈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media