ਲੌਂਗੋਵਾਲ, 4 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੇਂਦਰੀ ਫੂਡ
ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ `ਤੇ ਸਿਆਸੀ ਲਾਹਾ ਲਏ ਜਾਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਿੰਗਲਾ ਨੇ ਕਰੜੇ ਸ਼ਬਦਾਂ ਵਿੱਚ ਸ਼੍ਰੀਮਤੀ ਬਾਦਲ ਦੀ ਬਿਆਨਬਾਜ਼ੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ਵਜ਼ੀਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।ਜੇ ਉਹ ਚਾਹੁੰਦੇ ਤਾਂ ਸ਼ਤਾਬਦੀ ਐਕਸਪ੍ਰੈਸ ਨੂੰ ਬਿਨਾਂ ਬੰਦ ਕੀਤਿਆਂ ਵੀ ਸਰਬਤ ਦਾ ਭਲਾ ਨਾਂ ਹੇਠ ਇਕ ਨਵੀਂ ਰੇਲ ਗੱਡੀ ਪੰਜਾਬ ਵਾਸੀਆਂ ਦੀ ਸਹੂਲਤ ਲਈ ਚਲਵਾਈ ਜਾ ਸਕਦੀ ਸੀ।ਕੈਬਨਿਟ ਮੰਤਰੀ ਨੇ ਆਖਿਆ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਕੇਵਲ ਮੀਡੀਆ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜੋ ਕਿ ਸਹੀ ਨਹੀਂ ਹੈ।
ਸਿੰਗਲਾ ਨੇ ਇਹ ਵੀ ਦੱਸਿਆ ਕਿ ਜਦੋਂ ਦੇਸ਼ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਮੈਂਬਰ ਲੋਕ ਸਭਾ ਹੁੰਦਿਆਂ ਖੁੱਦ ਸੰਗਰੂਰ, ਮਾਨਸਾ, ਬਠਿੰਡਾ ਆਦਿ ਜ਼ਿਲ੍ਹਿਆਂ ਦੇ ਨਾਗਰਿਕਾਂ ਦੀ ਲਈ ਸ਼ਤਾਬਦੀ ਐਕਸਪ੍ਰੈਸ ਚਲਵਾਉਣ ਲਈ ਮਨਮੋਹਨ ਸਰਕਾਰ ਕੋਲ ਪਹੁੰਚ ਕੀਤੀ ਸੀ।ਉਨ੍ਹਾਂ ਦੱਸਿਆ ਕਿ 4 ਨਵੰਬਰ 2011 ਨੂੰ ਦੋ ਦਿਨਾਂ ਲਈ ਅਤੇ 8 ਸਤੰਬਰ 2013 ਤੋਂ ਨਿਯਮਤ ਤੌਰ `ਤੇ ਉਦੋਂ ਦੀ ਕਾਂਗਰਸੀ ਕੇਂਦਰ ਸਰਕਾਰ ਨੇ ਸ਼ਤਾਬਦੀ ਐਕਸਪ੍ਰੈਸ ਚਲਾਈ ਸੀ।
ਕੈਬਨਿਟ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ `ਤੇ ਵਰ੍ਹਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਸ਼ਤਾਬਦੀ ਨੂੰ ਬੰਦ ਕਰਕੇ ਚੰਗਾ ਕਦਮ ਨਹੀਂ ਉਠਾਇਆ ਜਦਕਿ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਐਮ.ਪੀਜ਼ ਵਲੋਂ ਸਮੇਂ-ਸਮੇਂ `ਤੇ ਕੇਂਦਰ ਸਰਕਾਰ ਨੂੰ ਵਾਰ ਵਾਰ ਇਸ ਸਬੰਧੀ ਪੱਤਰ ਲਿਖੇ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਭਾਜਪਾ ਸਰਕਾਰ ਦੀ ਮਾੜੀ ਮਾਨਸਿਕਤਾ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media